ਸ਼ਸ਼ੀਪਾਲ ਜੈਨ
ਖਰੜ, 1 ਦਸੰਬਰ
ਕੱਚੇ ਅਧਿਆਪਕ ਯੂਨੀਅਨ (ਪੰਜਾਬ) ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਅੱਜ ਸਵੇਰੇ ਚਾਰ ਅਧਿਆਪਕ ਖਰੜ ਸਥਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਨੇੜੇ ਟਾਵਰ ’ਤੇ ਜਾ ਚੜ੍ਹੇ। ਯੂਨੀਅਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਅਧਿਆਪਕ ਪਿਛਲੇ 18 ਸਾਲਾਂ ਤੋਂ 6-6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ’ਤੇ ਕੰਮ ਕਰ ਰਹੇ ਹਨ ਤੇ ਮੁਹਾਲੀ ਵਿੱਚ ਪਿਛਲੇ 159 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਅੱਜ ਖਰੜ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਤੇ ਮੁੱਖ ਮੰਤਰੀ ਪੰਜਾਬ ਤੱਕ ਆਪਣੀ ਗੱਲ ਪਹੁੰਚਾਉਣ ਲਈ ਯੂਨੀਅਨ ਦੇ ਚਾਰ ਮੈਂਬਰ ਹਰਪ੍ਰੀਤ ਕੌਰ ਜਲੰਧਰ, ਨਿਸ਼ਾਂਤ ਕਪੂਰਥਲਾ, ਰੰਜਨਾ ਤੇ ਗੁਰਵਿੰਦਰ ਅੱਜ ਟਾਵਰ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਜਦੋਂ ਇਹ ਅਧਿਆਪਕ ਟਾਵਰ ’ਤੇ ਚੜ੍ਹੇ, ਉਸ ਵੇਲੇ ਮੁੱਖ ਮੰਤਰੀ ਚੰਨੀ ਵੀ ਆਪਣੀ ਰਿਹਾਇਸ਼ ਵਿਖੇ ਮੌਜੂਦ ਸਨ। ਅਧਿਆਪਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਬਿਨਾਂ ਸ਼ਰਤ ਤੇ ਬਿਨਾਂ ਦੇਰੀ ਰੈਗੂਲਰ ਕੀਤਾ ਜਾਵੇ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਅੱਜ ਚੰਡੀਗੜ੍ਹ ਵਿੱਚ ਅਧਿਕਾਰੀਆਂ ਨਾਲ ਸ਼ਾਮ ਸਾਢੇ ਪੰਜ ਵਜੇ ਉਕਤ ਯੂਨੀਅਨ ਦੀ ਮੀਟਿੰਗ ਦਾ ਸਮਾਂ ਮਿਲਣ ਮਗਰੋਂ ਉਕਤ ਅਧਿਆਪਕ ਟਾਵਰ ਤੋਂ ਥੱਲੇ ਉਤਰ ਆਏ। ਚੰਡੀਗੜ੍ਹ ਵਿੱਚ ਉੱਚ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਸ਼ਾਮ ਨੂੰ ਹੋਈ ਮੀਟਿੰਗ ਦੌਰਾਨ ਯੂਨੀਅਨ ਦੇ ਵਫ਼ਦ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਜਾਣੂ ਕਰਵਾਇਆ। ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਪਰਗਟ ਸਿੰਘ ਨੇ ਉਨ੍ਹਾਂ ਨੂੰ ਛੇਤੀ ਹੀ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸੰੰਘਰਸ਼ ਜਾਰੀ ਰਹੇਗਾ। ਇਸੇ ਤਹਿਤ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ 5 ਦਸੰਬਰ ਨੂੰ ਮੁਹਾਲੀ ਵਿੱਚ ਵੱਡਾ ਇਕੱਠ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਅਧਿਕਾਰੀਆਂ ਵੱਲੋਂ ਜਵਾਬ ਮਿਲਣ ’ਤੇ ਵੀ ਧਰਨੇ ’ਚ ਡਟੀਆਂ ਹੈਲਥ ਵਰਕਰਾਂ
ਚੰਡੀਗੜ੍ਹ (ਪੱਤਰ ਪ੍ਰੇਰਕ): ਸਿਹਤ ਵਿਭਾਗ ਪੰਜਾਬ ਦੇ ਸੈਕਟਰ-34 ਸਥਿਤ ਮੁੱਖ ਦਫ਼ਤਰ ਅੱਗੇ ਪੱਕੇ ਮੋਰਚੇ ’ਤੇ ਬੈਠੀਆਂ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗਾਂ ਮੰਨੇ ਜਾਣ ਸਬੰਧੀ ਕੋਰੀ ਨਾਂਹ ਮਿਲਣ ਦੇ ਬਾਵਜੂਦ ਅੱਜ 17ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਯੂਨੀਅਨ ਦੀ ਕਨਵੀਨਰ ਗੁਰਪ੍ਰੀਤ ਮੰਗਵਾਲ ਤੇ ਜਸਵੀਰ ਕੌਰ ਮੂਨਕ ਨੇ ਕਿਹਾ ਕਿ ਉਕਤ ਵਰਕਰਾਂ 14 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਸੇਵਾ ਨਿਭਾਅ ਰਹੀਆਂ ਹਨ ਤੇ ਇਨ੍ਹਾਂ ਦੀ ਭਰਤੀ ਨਿਯਮਾਂ ਅਨੁਸਾਰ ਹੋਈ ਸੀ। ਸੂਬਾ ਸਰਕਾਰ ਦੇ ਨਵੇਂ ਐਕਟ ਮੁਤਾਬਕ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨੀਆਂ ਬਣਦੀਆਂ ਸਨ, ਪਰ ਵਿਭਾਗ ਦੇ ਉੱਚ ਅਧਿਕਾਰੀ ਉਕਤ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਮੰਨਣ ਤੋਂ ਇਨਕਾਰ ਕਰ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਹੈਲਥ ਵਰਕਰਾਂ ਦੀਆਂ ਮੰਗਾ ਨਹੀਂ ਮੰਨ ਲਈਆਂ ਜਾਂਦੀਆਂ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।