ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਕਾਂਗਰਸੀ ਆਗੂ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਇੱਥੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਨੇ ਇਸੇ ਜੇਲ੍ਹ ’ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ’ਚ ਦਿਲਚਸਪੀ ਨਹੀਂ ਵਿਖਾਈ। ਸਿੱਧੂ ਨਾਲ ਮੁਲਾਕਾਤ ਨਾ ਕਰਨ ਕਰਕੇ ਰਾਜਸੀ ਗਲਿਆਰਿਆਂ ’ਚ ਕਾਂਗਰਸੀ ਵਿਚਲੀ ਧੜੇਬੰਦੀ ਦੀ ਚਰਚਾ ਛਿੜ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਸ੍ਰੀ ਸਿੱਧੂ ਨੇ ਮੁਲਾਕਾਤ ਤੋਂ ਪਹਿਲਾਂ ਸਮਾਂ ਲੈਣਾ ਲਾਜ਼ਮੀ ਕੀਤਾ ਹੋਇਆ ਹੈ। ਉਨ੍ਹਾਂ ਅਜਿਹਾ ਸਮਾਂ ਨਹੀਂ ਸੀ ਲਿਆ, ਜਿਸ ਕਾਰਨ ਨਵਜੋਤ ਸਿੱਧੂ ਨਾਲ ਮੁਲਾਕਾਤ ਨਹੀਂ ਹੋਈ। ਰਵਨੀਤ ਬਿੱਟੂ ਦਾ ਇਹ ਵੀ ਕਹਿਣਾ ਸੀ ਕਿ ਅਸਲ ’ਚ ਉਹ ਮਿਲਣ ਹੀ ਭਾਰਤ ਭੂਸ਼ਣ ਆਸ਼ੂ ਨੂੰ ਆਏ ਸਨ, ਕਿਉਂਕਿ ਉਹ ਉਨ੍ਹਾਂ ਦੇ ਵੱਡੇ ਭਰਾ ਦੀ ਤਰ੍ਹਾਂ ਹਨ। ਇਸ ਦੌਰਾਨ ਲੋਕ ਸਭਾ ਮੈਂਬਰ ਨੇ ‘ਆਪ’ ਸਰਕਾਰ ’ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੰਗਲ ਰਾਜ ਬਹੁਤੀ ਦੇਰ ਨਹੀਂ ਚੱਲਿਆ ਕਰਦਾ। ਅਜਿਹੀਆਂ ਵਧੀਕੀਆਂ ਦਾ ਹੀ ਸਿੱਟਾ ਹੈ ਕਿ ‘ਆਪ’ ਪਾਟੋ ਧਾੜ ਹੁੰਦੀ ਜਾ ਰਹੀ ਹੈ।
‘ਰਾਜੋਆਣਾ ਨੇ ਮਜੀਠੀਆ ਤੋਂ ਸ਼ੁਰੂ ਕਰਵਾਈ ਹੈ ਬੰਦੀ ਸਿੰਘਾਂ ਰਿਹਾਈ ਦੀ ਮੁਹਿੰਮ’
ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੀ ਮੁਹਿੰਮ ’ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਸਲ ’ਚ ਇਸ ਵਰਤਾਰੇ ਦੇ ਪਿੱਛੇ ਪਟਿਆਲਾ ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਹੈ ਕਿਉਂਕਿ ਜਦੋਂ ਬਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ’ਚ ਬੰਦ ਸਨ ਤਾਂ ਰਾਜੋਆਣਾ ਨੇ ਉਸ ’ਤੇ ਜ਼ੋਰ ਪਾ ਕੇ ਇਹ ਮੁਹਿੰਮ ਸ਼ੁਰੂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਸ਼ੁਰੂ ਕੀਤੀ ਗਈ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੌਰਾਨ ਅਜੇ ਤੱਕ ਤਾਂ ਇਨ੍ਹਾਂ ਸਿਰਫ਼ ਇੱਕ ਹੀ ‘ਬੰਦੀ ਸਿੰਘ’ ਰਿਹਾਅ ਕਰਵਾਇਆ ਹੈ ਤੇ ਉਹ ਹੈ ਮਜੀਠੀਆ। ਰਾਜੋਆਣਾ ਦੀ ਰਿਹਾਈ ਦੀ ਚੱਲਦੀ ਗੱਲ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਮੰਗ ਕਰਨ ਵਾਲ਼ਿਆਂ ਨੇ ਕਦੇ ਉਨ੍ਹਾਂ ਪਰਿਵਾਰਾਂ ਬਾਰੇ ਵੀ ਸੋਚਿਆ ਹੈ, ਜਿਨ੍ਹਾਂ ਦੇ 18 ਮੈਂਬਰ ਰਾਜੋਆਣਾ ਅਤੇ ਸਾਥੀਆਂ ਦੇ ਹੱਥੋਂ ਮੌਤ ਦੇ ਮੂੰਹ ’ਚ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਜਾਗਦੀ ਜ਼ਮੀਰ ਵਾਲਿਆਂ ਨੂੰ ਅਕਾਲੀਆਂ ਮਗਰ ਨਹੀਂ ਲੱਗਣਾ ਚਾਹੀਦਾ।