ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਮਾਰਚ
ਫਿਲਮ ‘ਦਿ ਕਸ਼ਮੀਰ ਫਾਈਲਜ਼’ ਸਬੰਧੀ ਦੇਸ਼ ਭਰ ’ਚ ਚੱਲ ਰਹੀਆਂ ਚਰਚਾਵਾਂ ਦੌਰਾਨ ਅੱਜ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਰਾਹੀਂ ਫਿਲਮ ਦਾ ਸਮਰਥਨ ਕੀਤਾ ਹੈ। ਲੋਕ ਸਭਾ ਮੈਂਬਰ ਬਿੱਟੂ ਨੇ ਫਿਲਮ ਦੀ ਤਾਰੀਫ਼ ਕਰਦਿਆਂ ਫਿਲਮ ਦੀ ਨਿਰਮਾਤਾ ਪਲੱਵੀ ਜੋਸ਼ੀ, ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਤੇ ਕਲਾਕਾਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਵਧਾਈ ਦੇਣ ਦਾ ਫੈ਼ਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਹੈ ਕਿ ਨਿਰਮਾਤਾ ਪੰਜਾਬ ਦੇ ਕਾਲੇ ਦੌਰ ’ਤੇ ਵੀ ਫਿਲਮ ਬਣਾਉਣ। ਰਵਨੀਤ ਸਿੰਘ ਬਿੱਟੂ ਨੇ ਟਵੀਟ ’ਚ ਲਿਖਿਆ ਹੈ ਕਿ ਪੰਜਾਬ ’ਚ ਅਤਿਵਾਦ ਦੇ ਦੌਰ ’ਚ ਸਿੱਖ, ਹਿੰਦੂ ਤੇ ਪੁਲੀਸ ਮੁਲਾਜ਼ਮਾਂ ਸਣੇ ਲਗਪਗ 35 ਹਜ਼ਾਰ ਲੋਕ ਮਾਰੇ ਗਏ ਸਨ। ਉਨ੍ਹਾਂ ਲਿਖਿਆ ਕਿ ਜਿਵੇਂ ਕਸ਼ਮੀਰੀ ਹਿੰਦੂਆਂ ’ਤੇ ਹੋਏ ਜ਼ੁਲਮ ਦੀ ਸੱਚਾਈ ਦਿਖਾਈ ਗਈ ਹੈ, ਉਸੇ ਤਰ੍ਹਾਂ ਪੰਜਾਬ ਦੇ ਕਾਲੇ ਦੌਰ ’ਤੇ ਵੀ ਫਿਲਮ ਬਣਾਈ ਜਾਣੀ ਚਾਹੀਦੀ ਹੈ।