ਸੁਰਜੀਤ ਮਜਾਰੀ
ਬੰਗਾ, 26 ਦਸੰਬਰ
ਤਰਕਸ਼ੀਲ ਸੁਸਾਇਟੀ ਨੇ ਦਿੱਲੀ ਦੀਆਂ ਹੱਦਾਂ ’ਤੇ ਲੱਗੇ ਮੋਰਚਿਆਂ ’ਚ ਤਰਕਸ਼ੀਲ ਸਾਹਿਤ ਦੇ ਲੰਗਰ ਲਾ ਕੇ ਨਵੀਂ ਪਿਰਤ ਪਾਈ ਹੈ। ਇਸ ਸਾਹਿਤ ਵਿੱਚ ਤਰਕਸ਼ੀਲ ਮੈਗਜ਼ੀਨ, ਤਰਕਸ਼ੀਲ ਲੇਖਕਾਂ ਦੀਆਂ ਕਿਤਾਬਾਂ ਅਤੇ ਵਹਿਮਾਂ ਭਰਮਾਂ ਨੂੰ ਦੂਰ ਕਰਦੇ ਪੈਂਫਲਿਟ ਸ਼ਾਮਲ ਹਨ। ਅੰਦੋਲਨ ’ਚ ਸ਼ਾਮਲ ਲੋਕਾਂ ਨੇ ਤਰਕਸ਼ੀਲ ਸਾਹਿਤ ਨਾਲ ਜੁੜਨ ’ਚ ਉਚੇਚੀ ਦਿਲਚਸਪੀ ਦਿਖਾਈ। ਇਸ ਉੱਦਮ ਦੀ ਪਹਿਲਕਦਮੀ ਸੁਸਾਇਟੀ ਦੇ ਜ਼ੋਨ ਨਵਾਂ ਸ਼ਹਿਰ ਵੱਲੋਂ ਕੀਤੀ ਗਈ।
ਜ਼ੋਨ ਦੇ ਜਥੇਬੰਦਕ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਕਿਸਾਨ ਅੰਦੋਲਨ ’ਚ ਹੁਣ ਤਕ ਲੱਖਾਂ ਰੁਪਏ ਦਾ ਤਰਕਸ਼ੀਲ ਸਾਹਿਤ ਵੰਡਿਆ ਜਾ ਚੁੱਕਾ ਹੈ। ਟੀਮ ’ਚ ਸ਼ਾਮਲ ਸਤਪਾਲ ਸਲੋਹ, ਕੁਲਵਿੰਦਰ ਖਟਕੜ, ਮੁਕੰਦ ਲਾਲ, ਬਲਜਿੰਦਰ ਸਹਬਿਾਜ਼ਪੁਰੀ, ਜਗਤਾਰ ਬਾਹੋਵਾਲ, ਅਵਤਾਰ ਲੰਗੇਰੀ, ਮਾਸਟਰ ਨਰੇਸ਼ ਆਦਿ ਦਿੱਲੀ ਦੀਆਂ ਹੱਦਾਂ ’ਤੇ ਘੁੰਮ ਕੇ ਲੋਕਾਂ ਨੂੰ ਤਰਕਸ਼ੀਲ ਸਾਹਿਤ ਪ੍ਰਦਾਨ ਕਰ ਰਹੇ ਸਨ। ਸੁਸਾਇਟੀ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਸਾਨ ਆਗੂ ਸੁਰਿੰਦਰ ਸਿੰਘ ਬੈਂਸ, ਗੁਰਬਖਸ਼ ਕੌਰ ਸੰਘਾ, ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਤਰਕਸ਼ੀਲ ਭਾਈਚਾਰਾ ਪਹਿਲਾਂ ਵੀ ਸਮਾਜ ’ਚ ਚੇਤਨਾ ਲਈ ਲਗਾਤਾਰ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ ਅਤੇ ਹੁਣ ਦਿੱਲੀ ਤਕ ਪੁੱਜ ਕੇ ਕਿਸਾਨ ਅੰਦੋਲਨ ’ਚ ਤਰਕਸ਼ੀਲ ਸਾਹਿਤ ਦਾ ਲੰਗਰ ਲਾਉਣਾ ਵਧੀਆ ਉੱਦਮ ਹੈ।
ਸਾਹਿਤ ਦੀ ਸੇਵਾ ਜਾਰੀ ਰਹੇਗੀ: ਭਦੌੜ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਸਿੰਘ ਭਦੌੜ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਹੈ ਅਤੇ ਸੁਸਾਇਟੀ ਸਮਾਜਿਕ ਚੇਤਨਾ ਦੇ ਮਿਸ਼ਨ ਤਹਿਤ ਇਸੇ ਤਰ੍ਹਾਂ ਤਰਕਸ਼ੀਲ ਸਾਹਿਤ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਰਹੇਗੀ।