ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 21 ਅਪਰੈਲ
ਥਾਣਾ ਦਾਖਾ ਅਧੀਨ ਇਕ ਬਾਲ-ਘਰ ਤੋਂ ਸ਼ੱਕੀ ਹਾਲਤ ਵਿੱਚ ਲਾਪਤਾ ਹੋਈ ਲੜਕੀ ਨੂੰ ਬਰਾਮਦ ਕਰਨ ਤੋਂ ਤਿੰਨ ਦਿਨ ਬਾਅਦ ਦਾਖਾ ਪੁਲੀਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਜਬਰ-ਜਨਾਹ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਅਨੁਸਾਰ ਲੜਕੀ ਨੂੰ ਲੱਭਣ ਵਾਲੇ ਪਿੰਡ ਤਲਵੰਡੀ ਕਲਾਂ ਦੇ ਸਰਪੰਚ ਹਰਬੰਸ ਸਿੰਘ ਖ਼ਾਲਸਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 17 ਅਪਰੈਲ ਦੀ ਰਾਤ ਨੂੰ ਲਾਪਤਾ ਹੋਈ ਲੜਕੀ ਸ਼ੱਕੀ ਹਾਲਤ ਵਿਚ 18 ਅਪਰੈਲ ਨੂੰ ਸਵੇਰੇ ਸ਼ਰਾਬ ਦੇ ਠੇਕੇ ਬਾਹਰੋਂ ਮਿਲੀ ਸੀ।
ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਅਨੁਸਾਰ ਪੀੜਤ ਲੜਕੀ ਮੰਦਬੁੱਧੀ ਜਾਪਦੀ ਹੈ। ਪੁਲੀਸ ਨੇ 18 ਅਪਰੈਲ ਨੂੰ ਹੀ ਡਾਕਟਰੀ ਜਾਂਚ ਬਾਅਦ ਨਮੂਨੇ ਰਸਾਇਣਕ ਜਾਂਚ ਲਈ ਭੇਜ ਦਿੱਤੇ ਸਨ ਅਤੇ ਰਿਪੋਰਟ ਦਾ ਇੰਤਜ਼ਾਰ ਹੈ। ਇੰਸਪੈਕਟਰ ਭੁੱਲਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸਰਪੰਚ ਹਰਬੰਸ ਸਿੰਘ ਖ਼ਾਲਸਾ ਨੇ ਦੱਸਿਆ ਕਿ ਜਦੋਂ ਉਹ ਲੜਕੀ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਬਾਲ-ਘਰ ਦੀ ਇਕ ਔਰਤ ਹੋਰ ਸਟਾਫ਼ ਸਮੇਤ ਮੌਕੇ ’ਤੇ ਪਹੁੰਚ ਗਈ ਸੀ ਪਰ ਲੜਕੀ ਨੇ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਪੁਲੀਸ ਦੀ ਮਦਦ ਨਾਲ ਪੀੜਤਾ ਨੂੰ ਲੁਧਿਆਣਾ ਦੇ ਇਕ ਹੋਰ ਆਸ਼ਰਮ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।