ਗਗਨਦੀਪ ਅਰੋੜਾ
ਲੁਧਿਆਣਾ, 14 ਜੁਲਾਈ
ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇੱਕ ਵਾਰ ਫਿਰ ਕਮਿਸ਼ਨਰੇਟ ਪੁਲੀਸ ਨੇ ਅਦਾਲਤ ’ਚ ਪੇਸ਼ ਕੀਤਾ। ਇੱਥੇ ਸਾਬਕਾ ਵਿਧਾਇਕ ਸਮੇਤ ਪੰਜ ਮੁਲਜ਼ਮਾਂ ਦੇ ਰਿਮਾਂਡ ਵਿੱਚ 2 ਦਿਨ ਦਾ ਵਾਧਾ ਕੀਤਾ ਗਿਆ।
ਪੀੜਤ ਧਿਰ ਦੇ ਵਕੀਲ ਨੇ ਸਾਰੇ ਮੁਲਜ਼ਮਾਂ ਦਾ ਪੰਜ ਦਿਨਾਂ ਦਾ ਰਿਮਾਂਡ ਮੰਗਿਆ ਸੀ, ਜਦੋਂ ਕਿ ਬਚਾਅ ਪੱਖ ਇਸ ਦਾ ਵਿਰੋਧ ਕਰ ਰਿਹਾ ਸੀ। ਕਮਿਸ਼ਨਰੇਟ ਪੁਲੀਸ ਨੇ ਅੱਜ ਬੈਂਸ ਨੂੰ ਦੋ ਹੋਰ ਮਾਮਲਿਆਂ ਵਿੱਚ ਵੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲੀਸ ਹੁਣ ਮੁਲਜ਼ਮ ਸਿਮਰਜੀਤ ਬੈਂਸ, ਉਸਦੇ ਭਰਾ ਪਰਮਜੀਤ ਸਿੰਘ ਬੈਂਸ, ਪੀਏ ਪ੍ਰਦੀਪ ਸ਼ਰਮਾ ਉਰਫ਼ ਗੋਗੀ ਸਣੇ ਦੋਹਾਂ ਔਰਤਾਂ ਦਾ ਫੋਨ ਤੇ ਹੋਰ ਸਾਮਾਨ ਘੋਖਣ ਲੱਗੀ ਹੈ।
ਜਬਰ-ਜਨਾਹ ਮਾਮਲੇ ’ਚ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਤੋਂ ਬਾਅਦ 2 ਮਹੀਨੇ ਦਾ ਸਮਾਂ ਲੰਘਣ ਮਗਰੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਾਥੀਆਂ ਸਣੇ ਤਿੰਨ ਦਿਨ ਪਹਿਲਾਂ ਆਤਮ ਸਮਰਪਣ ਕੀਤਾ ਸੀ। ਸੂਤਰ ਦੱਸਦੇ ਹਨ ਕਿ ਸਾਬਕਾ ਵਿਧਾਇਕ ਪੁਲੀਸ ਪੁੱਛ-ਪੜਤਾਲ ’ਚ ਪੁਲੀਸ ਦਾ ਸਾਥ ਨਹੀਂ ਦੇ ਰਿਹਾ। ਉਸ ਤੋਂ ਜੋ ਵੀ ਸਵਾਲ ਪੁੱਛੇ ਜਾ ਰਹੇ ਹਨ, ਉਨ੍ਹਾਂ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਪੁਲੀਸ ਨੂੰ ਉਲਝਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸਾਰੇ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛ-ਪੜਤਾਲ ਕੀਤੀ ਸੀ, ਪਰ ਪੁਲੀਸ ਦੇ ਹੱਥ ਕੋਈ ਸਬੂਤ ਨਹੀਂ ਲੱਗਿਆ। ਪੁਲੀਸ ਦਾ ਕਹਿਣਾ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਣੇ ਬਾਕੀ ਹੈ।
ਕਚਹਿਰੀ ਵਿੱਚ ਲੱਗਿਆ ਸਮਰਥਕਾਂ ਦਾ ਮੇਲਾ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵੀਰਵਾਰ ਦੀ ਸਵੇਰ ਅਦਾਲਤ ’ਚ ਉਨ੍ਹਾਂ ਨੂੰ ਪੇਸ਼ ਕੀਤਾ ਜਾਣਾ ਸੀ। ਸਮਰਥਕਾਂ ਨੇ ਸਵੇਰੇ 11 ਤੋਂ ਸਾਢੇ 11 ਵਜੇ ਤੱਕ ਅਦਾਲਤ ਕੰਪਲੈਕਸ ’ਚ ਇਕੱਠੇ ਹੋਣ ਦਾ ਸੁਨੇਹਾ ਲਾ ਦਿੱਤਾ। ਪੁਲੀਸ ਨੂੰ ਸਰਮਥਕਾਂ ਦੇ ਸੁਨੇਹੇ ਬਾਰੇ ਭਿਣਕ ਲੱਗੀ ਤਾਂ ਪੁਲੀਸ ਨੇ ਅਦਾਲਤੀ ਕੰਪਲੈਕਸ ਨੂੰ ਸੀਲ ਕਰ ਦਿੱਤਾ। ਜਿਨ੍ਹਾਂ ਦੀ ਅਦਾਲਤ ’ਚ ਤਰੀਕ ਸੀ, ਸਿਰਫ਼ ਉਹੀ ਲੋਕ ਅੰਦਰ ਜਾ ਸਕੇ। ਬਾਕੀ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਮੁੱਖ ਗੇਟ ’ਤੇ ਵੀ ਪੁਲੀਸ ਦਾ ਸਖ਼ਤ ਪਹਿਰਾ ਲਾ ਦਿੱਤਾ ਗਿਆ ਤੇ ਅਦਾਲਤੀ ਕੰਪਲੈਕਸ ’ਚ ਵੀ ਪੁਲੀਸ ਦਾ ਸਖ਼ਤ ਪਹਿਰਾ ਰਿਹਾ। ਪੁਲੀਸ ਫੋਰਸ ਪੂਰੀ ਤਰ੍ਹਾਂ ਬੈਂਸ ਨੂੰ ਘੇਰਾ ਪਾ ਕੇ ਅਦਾਲਤ ’ਚ ਲੈ ਗਈ।