ਕੇਪੀ ਸਿੰਘ
ਗੁਰਦਾਸਪੁਰ , 2 ਅਪਰੈਲ
ਇੱਥੋਂ ਦੇ ਇੱਕ ਨਿੱਜੀ ਸਕੂਲ ਦੀ ਚਾਰ ਸਾਲ ਦੀ ਵਿਦਿਆਰਥਣ ਨਾਲ ਹੋਏ ਜਬਰ-ਜਨਾਹ ਦਾ ਮਾਮਲਾ ਗਰਮਾ ਗਿਆ ਹੈ। ਅੱਜ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨਾਲ ਸਬੰਧਤ ਜਥੇਬੰਦੀਆਂ ਨੇ ਸਕੂਲ ਦੇ ਚੇਅਰਮੈਨ ਸਣੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਇੱਕ ਪਾਸੜ ਅਤੇ ਪ੍ਰਦਰਸ਼ਨਕਾਰੀਆਂ ਦੇ ਦਬਾਅ ਦਾ ਨਤੀਜਾ ਦੱਸਿਆ ਹੈ। ਜਥੇਬੰਦੀਆਂ ਨੇ ਪੁਲੀਸ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਤੁਰੰਤ ਸਕੂਲ ਦੇ ਚੇਅਰਮੈਨ ਅਤੇ ਮਾਲਕ ਦੇ ਪੁੱਤਰ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸੋਮਵਾਰ ਤੋਂ ਪੂਰੇ ਪੰਜਾਬ ਦੇ ਸਕੂਲ ਕਾਲਜ ਬੰਦ ਕਰ ਕੇ ਸੜਕਾਂ ਰੋਕ ਦਿੱਤੀਆਂ ਜਾਣਗੀਆਂ। ਦੂਜੇ ਪਾਸੇ ਚੇਅਰਮੈਨ ਦੀ ਪਤਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੇ ਬੇਕਸੂਰ ਪਤੀ ਅਤੇ ਭਤੀਜੇ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਡੀਸੀ ਦੀ ਰਿਹਾਇਸ਼ ਸਾਹਮਣੇ ਆਤਮਦਾਹ ਕਰ ਲਵੇਗੀ। ਇਸ ਮੌਕੇ ਚੇਅਰਮੈਨ ਦੀ ਪਤਨੀ ਨੇ ਕਿਹਾ ਕਿ ਇਸ ਗੱਲ ਦਾ ਇਕ ਵੀ ਸਬੂਤ ਨਹੀਂ ਹੈ ਕਿ ਬੱਚੀ ਨਾਲ ਸਕੂਲ ਵਿੱਚ ਹੀ ਕੁਝ ਗ਼ਲਤ ਹੋਇਆ ਹੈ ਅਤੇ ਨਾ ਹੀ ਪੁਲੀਸ ਇਹ ਪਤਾ ਲਗਾ ਸਕੀ ਹੈ ਕਿ ਇਹ ਘਿਣੌਨਾ ਕੰਮ ਕਿਸ ਨੇ ਕਿੱਥੇ ਅਤੇ ਕਦੋਂ ਕੀਤਾ ਹੈ।
ਅੱਜ ਗੁਰਦਾਸਪੁਰ ਪਹੁੰਚੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ, ਪੰਜਾਬ ਦੀ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਦੇ ਮੈਂਬਰ ਮਨਜੀਤ ਸਿੰਘ, ਅਸ਼ਵਨੀ ਅਤੇ ਅਸ਼ੋਕ,ਅਨਿਲ ਚੋਪੜਾ, ਅਮਿਤ ਸ਼ਰਮਾ ਦੇ ਨਾਲ-ਨਾਲ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਮੋਹਿਤ ਮਹਾਜਨ ਆਦਿ ਦੀ ਅਗਵਾਈ ਵਾਲਾ ਵਫ਼ਦ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੂੰ ਮਿਲਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੁਲੀਸ ਪ੍ਰਦਰਸ਼ਨਕਾਰੀਆਂ ਦੇ ਦਬਾਅ ਹੇਠ ਆ ਕੇ ਕੰਮ ਕਰ ਰਹੀ ਹੈ। ਸਕੂਲ ਅੰਦਰ ਜਬਰ-ਜਨਾਹ ਹੋਣ ਸਬੰਧੀ ਕੋਈ ਵੀ ਪੁਖ਼ਤਾ ਸਬੂਤ ਨਾ ਮਿਲਣ ਦੇ ਬਾਵਜੂਦ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਮੂਹ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਤੁਰੰਤ ਅਸਲ ਮੁਲਜ਼ਮਾਂ ਦਾ ਪਤਾ ਲਗਾ ਕੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇ। ਨਿੱਜੀ ਸਕੂਲ ਪ੍ਰਬੰਧਕਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਸੋਮਵਾਰ ਤੱਕ ਚੇਅਰਮੈਨ ਤੇ ਉਨ੍ਹਾਂ ਦੇ ਭਤੀਜੇ ਖ਼ਿਲਾਫ਼ ਦਰਜ ਪਰਚਾ ਰੱਦ ਨਾ ਕੀਤਾ ਤਾਂ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਹੀ ਐੱਸਐੱਸਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਬੁਲਾ ਕੇ ਇਸ ਮਾਮਲੇ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਅਸਲ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।