ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਜੁਲਾਈ
ਜ਼ਿਲ੍ਹਾ ਫ਼ਤਿਹਗੜ੍ਹ ਨਾਲ ਸਬੰਧਿਤ ਕਾਂਗਰਸ ਦੀ ਇਕ ਮਹਿਲਾ ਕਾਰਕੁਨ ਨੇ ਵਿਧਾਨ ਸਭਾ ਹਲਕਾ ਰਾਏਕੋਟ ਨਾਲ ਦੇ ਆਪਣੀ ਪਾਰਟੀ ਦੇ ਕਾਂਗਰਸੀ ਸਰਪੰਚ ਨਿਰਮਲ ਸਿੰਘ ਉਰਫ਼ ਗੋਪੀ ਪਿੰਡ ਰਾਜੋਆਣਾ ਕਲਾਂ ਅਤੇ ਪਰਮਜੀਤ ਸਿੰਘ ਸਰਪੰਚ ਪਿੰਡ ਟੂਸੇ ਖ਼ਿਲਾਫ਼ ਜਬਰ-ਜਨਾਹ, ਧੋਖਾਧੜੀ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਦਾਖਾ ਵਿੱਚ ਮੁਕੱਦਮਾ ਦਰਜ ਕਰਵਾਇਆ ਹੈ। ਜ਼ਿਲ੍ਹਾ ਲੁਧਿਆਣਾ ਦੇ ਐੱਸਐੱਸਪੀ (ਦਿਹਾਤੀ) ਦੇ ਹੁਕਮਾਂ ’ਤੇ ਉਪ ਪੁਲੀਸ ਕਪਤਾਨ (ਸਥਾਨਕ) ਵੱਲੋਂ ਕਥਿਤ ਘਟਨਾ ਦੀ ਜਾਂਚ ਉਪਰੰਤ ਪੇਸ਼ ਕੀਤੀ ਰਿਪੋਰਟ ਦੇ ਆਧਾਰ ’ਤੇ ਥਾਣਾ ਦਾਖਾ ਵਿਚ ਆਈਪੀਸੀ ਦੀ ਧਾਰਾ 376, 420, 506 ਅਤੇ 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਦੋਵਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਸ਼ਿਕਾਇਤਕਰਤਾ ਔਰਤ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਗਿਆ ਸੀ ਕਿ ਨਿਰਮਲ ਸਿੰਘ ਗੋਪੀ ਨੇ ਪਿਛਲੇ ਸਾਲ 3 ਅਤੇ 11 ਜੁਲਾਈ ਨੂੰ ਵਿਆਹ ਦਾ ਝਾਂਸਾ ਦੇ ਕੇ ਮੁੱਲਾਂਪੁਰ ਦੇ ਦੋ ਵੱਖ-ਵੱਖ ਹੋਟਲਾਂ ਵਿੱਚ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ ਸਨ। ਉਧਰ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਉਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਬਲੈਕਮੇਲ ਕਰ ਰਹੀ ਸੀ। ਉਸ ਨੇ ਪਾਰਟੀ ਦੀ ਧੜੇਬੰਦੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇੱਕ ਲੋਕ ਸਭਾ ਮੈਂਬਰ ਵੱਲੋਂ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਫ਼ੰਡਾਂ ਵਿੱਚ ਹੇਰ-ਫੇਰ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਖ਼ਿਲਾਫ਼ ਪਹਿਲਾਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਹੋਈ ਹੈ। ਟੂਸੇ ਦੇ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣਾ ਚਾਹੁੰਦੇ ਸਨ।