ਕੇ ਪੀ ਸਿੰਘ
ਗੁਰਦਾਸਪੁਰ, 9 ਅਪਰੈਲ
ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਸੱਦੇ ’ਤੇ ਸੂਬੇ ਦੀਆਂ ਸਾਰੀਆਂ ਨਿੱਜੀ ਸਿੱਖਿਆ ਸੰਸਥਾਵਾਂ 11 ਅਪਰੈਲ ਨੂੰ ਰੋਸ ਵਜੋਂ ਬੰਦ ਰਹਿਣਗੀਆਂ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਤੀਨਿਧੀ ਡਾ. ਮੋਹਿਤ ਮਹਾਜਨ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਇੱਕ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਿਕ ਬੱਚੀ ਠੀਕ ਠਾਕ ਆਪਣੀ ਕਲਾਸ ਵਿੱਚ ਜਾਂਦੀ ਹੈ ਅਤੇ ਪੂਰੇ ਦਿਨ ਉਪਰੰਤ ਬੱਚੀ ਦੀ ਮਾਤਾ ਉਸ ਨੂੰ ਆਪ ਸਕੂਲ ਵਿੱਚੋਂ ਲੈ ਕੇ ਗਈ। ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਨਿੰਦਾ ਕੀਤੀ ਹੈ ਅਤੇ ਨਾਲ ਹੀ ਬਿਨਾਂ ਕਿਸੇ ਤੱਥਾਂ ਤੋਂ ਨਿਰਦੋਸ਼ ਮੈਨੇਜਮੈਂਟ ’ਤੇ ਪਰਚਾ ਦਰਜ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਵੀ ਨਿੰਦਾ ਕੀਤੀ ਹੈ। ਪੁਲੀਸ ਨੇ ਅਜੇ ਤੱਕ ਅਸਲ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ।