ਗਗਨਦੀਪ ਅਰੋੜਾ
ਲੁਧਿਆਣਾ, 11 ਜੁਲਾਈ
ਜਬਰ-ਜਨਾਹ ਮਾਮਲੇ ’ਚ ਭਗੌੜੇ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਖ਼ਰ ਤਿੰਨ ਮਹੀਨਿਆਂ ਬਾਅਦ ਅੱਜ ਆਪਣੇ ਸਾਥੀਆਂ ਸਣੇ ਲੁਧਿਆਣਾ ਦੀ ਅਦਾਲਤ ’ਚ ਆਤਮਸਮਰਪਣ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਕਮਿਸ਼ਨਰੇਟ ਪੁਲੀਸ ਨੇ ਪੂਰੀ ਯੋਜਨਾ ਬਣਾ ਰੱਖੀ ਸੀ ਕਿ ਜਦੋਂ ਵੀ ਸਾਬਕਾ ਵਿਧਾਇਕ ਆਪਣੇ ਸਾਥੀਆਂ ਨਾਲ ਅਦਾਲਤ ਪੁੱਜੇਗਾ ਤਾਂ ਉਸ ਨੂੰ ਬਾਹਰੋਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰ ਬੈਂਸ ਭਰਾ ਅੱਜ ਕਿਸੇ ਤਰ੍ਹਾਂ ਸਿੱਧਾ ਲੁਧਿਆਣਾ ਅਦਾਲਤ ਵਿੱਚ ਪੁੱਜ ਗਏ। ਬੈਂਸ ਦੇ ਅਦਾਲਤ ’ਚ ਪੁੱਜ ਕੇ ਆਤਮਸਮਰਪਣ ਕਰਨ ਦੀ ਸੂਚਨਾ ਮਿਲਦੇ ਹੀ ਪੁਲੀਸ ਦੇ ਉੱਚ ਅਧਿਕਾਰੀ ਵੀ ਪੁੱਜ ਗਏ। ਪੁਲੀਸ ਅਧਿਕਾਰੀਆਂ ਨੇ ਅਦਾਲਤ ਅੱਗੇ ਸਾਰੇ ਦਸਤਾਵੇਜ਼ ਪੇਸ਼ ਕਰਦਿਆਂ ਮੁਲਜ਼ਮਾਂ ਦਾ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਮੰਗਿਆ ਪਰ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਣੇ ਸਾਰੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਇਸ ਮਾਮਲੇ ’ਚ ਮੋਬਾਈਲ ਤੇ ਹੋਰ ਜ਼ਰੂਰੀ ਸਾਮਾਨ ਬਰਾਮਦ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਇੱਕ ਔਰਤ ਨਾਲ ਜਬਰ ਜਨਾਹ ਦੇ ਮਾਮਲੇ ’ਚ ਤਿੰਨ ਮਹੀਨਿਆਂ ਤੋਂ ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਪੰਮਾ ਬੈਂਸ, ਸੁਖਚੈਨ ਸਿੰਘ, ਪ੍ਰਦੀਪ ਸ਼ਰਮਾ ਗੋਗੀ, ਬਲਜਿੰਦਰ ਕੌਰ ਤੇ ਜਸਬੀਰ ਕੌਰ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਸੀ। ਇਸ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਸਾਰੇ ਇੱਧਰ-ਉੱਧਰ ਭੱਜ ਰਹੇ ਸਨ। ਕੁਝ ਦਿਨ ਪਹਿਲਾਂ ਪੁਲੀਸ ਨੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਕਾਬੂ ਕਰ ਲਿਆ। ਉਸ ਦੀ ਨਿਸ਼ਾਨਦੇਹੀ ’ਤੇ ਸੁਖਚੈਨ ਸਿੰਘ ਨੂੰ ਮਾਲੇਰਕੋਟਲਾ ਤੋਂ ਫੜਿਆ ਗਿਆ। ਇਸ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਸਨ ਕਿ ਸਿਮਰਜੀਤ ਸਿੰਘ ਬੈਂਸ ਬਾਕੀ ਸਾਥੀਆਂ ਸਮੇਤ ਆਤਮ ਸਮਰਪਣ ਕਰਨਗੇ। ਹਾਲਾਂਕਿ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ, ਪਰ ਸਥਿਤੀ ਅਜਿਹੀ ਬਣੀ ਕਿ ਅੱਜ ਸਵੇਰੇ ਪੁਲੀਸ ਦੇ ਸਰਗਰਮ ਹੋਣ ਤੋਂ ਪਹਿਲਾਂ ਅਤੇ ਜੱਜ ਦੇ ਵੀ ਆਉਣ ਤੋਂ ਪਹਿਲਾਂ ਹੀ ਸਿਮਰਜੀਤ ਸਿੰਘ ਬੈਂਸ ਤੇ ਬਾਕੀ ਮੁਲਜ਼ਮ ਅਦਾਲਤ ਪੁੱਜ ਗਏ। ਜਿਵੇਂ ਹੀ ਜੱਜ ਪੁੱਜੇ ਤਾਂ ਉਨ੍ਹਾਂ ਸਾਥੀਆਂ ਸਣੇ ਆਤਮ ਸਮਰਪਣ ਕਰ ਦਿੱਤਾ। ਦੱਸਣਯੋਗ ਹੈ ਕਿ ਜਬਰ ਜਨਾਹ ਮਾਮਲੇ ’ਚ ਪਿਛਲੇ ਕਰੀਬ ਇੱਕ ਸਾਲ ਤੋਂ ਸ਼ਿਕਾਇਤਕਰਤਾ ਔਰਤ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਲਈ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇ ਰਹੀ ਸੀ। ਕਈ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ ਤੇ ਦੋਸ਼ ਲਾਏ ਗਏ ਸਨ ਕਿ ਤਤਕਾਲੀ ਕਾਂਗਰਸ ਸਰਕਾਰ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਨਹੀਂ ਕਰਨ ਦੇ ਰਹੀ। ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਬੈਂਸ ਭਰਾਵਾਂ ਦੀਆਂ ਮੁਸ਼ਕਲਾਂ ਵਧਣ ਦੇ ਵੀ ਅਸਾਰ ਸਨ। ਭਗੌੜਾ ਐਲਾਨੇ ਜਾਣ ਦੇ ਬਾਵਜੂਦ ਬੈਂਸ ਦੇ ਗ੍ਰਿਫ਼ਤਾਰ ਨਾ ਹੋਣ ਕਾਰਨ ਕਮਿਸ਼ਨਰੇਟ ਪੁਲੀਸ ਦੀ ਵੀ ਕਾਫ਼ੀ ਕਿਰਕਿਰੀ ਹੋ ਰਹੀ ਸੀ।
ਸਿਆਸੀ ਰੰਜਿਸ਼ ਤਹਿਤ ਫਸਾਇਆ ਗਿਆ, ਦੋਸ਼ ਬੇਬੁਨਿਆਦ: ਬੈਂਸ
ਲੁਧਿਆਣਾ: ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਸੀ ਰੰਜਿਸ਼ ਤਹਿਤ ਫਸਾਇਆ ਗਿਆ ਹੈ। ਉਨ੍ਹਾਂ ’ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਦੋਸ਼ ਲਾਉਣ ਵਾਲੇ ਇੱਕ ਦਿਨ ਖ਼ੁਦ ਸੱਚਾਈ ਬਿਆਨ ਕਰਨਗੇ। ਬੈਂਸ ਨੇ ਬਾਦਲ ਪਰਿਵਾਰ ’ਤੇ ਵਰ੍ਹਦਿਆਂ ਕਿਹਾ ਕਿ ਇਸ ਪਿੱਛੇ ਉਨ੍ਹਾਂ ਦਾ ਹੱਥ ਹੈ। ਬੈਂਸ ਨੇ ਕਿਹਾ ਕਿ ਜਬਰ-ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਨੂੰ ਵੀ ਅਕਾਲੀ ਆਗੂਆਂ ਦੀ ਹਮਾਇਤ ਹੈ। ਉਨ੍ਹਾਂ ਅਦਾਲਤ ’ਤੇ ਭਰੋਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਨਸਾਫ਼ ਮਿਲੇਗਾ। ਪੁਲੀਸ ਹੁਣ ਉਨ੍ਹਾਂ ਲੋਕਾਂ ’ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੇ ਭਗੌੜਾ ਹੋਣ ਤੋਂ ਬਾਅਦ ਬੈਂਸ ਦੀ ਮਦਦ ਕੀਤੀ।
ਜਾਇਦਾਦ ਕੁਰਕ ਕਰਨ ਦੇ ਹੁਕਮ ਪਹਿਲਾਂ ਹੀ ਹੋ ਚੁੱਕੇ ਹਨ ਜਾਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਝਟਕਾ ਲੱਗਾ ਸੀ। ਉਸ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ। ਬੈਂਸ ਦੇ ਦਫ਼ਤਰ ਤੇ ਹੋਰ ਥਾਵਾਂ ’ਤੇ ਪੋਸਟਰ ਲਾ ਦਿੱਤੇ ਗਏ ਸਨ ਤੇ ਜਾਇਦਾਦ ਕੁਰਕ ਕਰਨ ਦੇ ਨੋਟਿਸ ਵੀ ਚਿਪਕਾ ਦਿੱਤੇ ਗਏ ਸਨ।