ਕੇ.ਪੀ. ਸਿੰਘ
ਗੁਰਦਾਸਪੁਰ, 11 ਅਪਰੈਲ
ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ਵਿੱਚ ਲੰਘੀ 31 ਮਾਰਚ ਨੂੰ ਇੱਕ ਚਾਰ ਸਾਲਾ ਬੱਚੀ ਨਾਲ ਹੋਏ ਜਬਰ-ਜਨਾਹ ਦੇ ਮਾਮਲੇ ਵਿੱਚ ਗੁਰਦਾਸਪੁਰ ਪੁਲੀਸ ਵੱਲੋਂ ਸਕੂਲ ਪ੍ਰਬੰਧਕ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਅਤੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੀੜਤ ਬੱਚੀ ਨੂੰ ਇਨਸਾਫ਼ ਦੇਣ ਦੀ ਮੰਗ ਸਬੰਧੀ ਅੱਜ ਪੰਜਾਬ ਦੀਆਂ ਨਿੱਜੀ ਸਿੱਖਿਆ ਸੰਸਥਾਵਾਂ ਬੰਦ ਰਹੀਆਂ। ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਸੱਦੇ ’ਤੇ ਅੱਜ ਸੂਬੇ ਦੀਆਂ ਸਾਰੀਆਂ ਨਿੱਜੀ ਸਿੱਖਿਆ ਸੰਸਥਾਵਾਂ ਨੇ ਅਦਾਰੇ ਬੰਦ ਰੱਖ ਕੇ ਮੰਗ ਕੀਤੀ ਕਿ ਅਸਲੀ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਰੋਹਿਤ ਮਹਾਜਨ ਅਤੇ ਸਿਮਰਨਜੀਤ ਸਿੰਘ ਨੇ ਇਸ ਸਬੰਧੀ ਐੱਸਐੱਸਪੀ ਗੁਰਦਾਸਪੁਰ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਪੰਜਾਬ ਦੇ ਨਿੱਜੀ ਸਕੂਲ ਅਤੇ ਕਾਲਜ ਰੋਸ ਵਜੋਂ ਬੰਦ ਰਹੇ ਹਨ ਅਤੇ ਗੁਰਦਾਸਪੁਰ ਦੇ ਐੱਸਐੱਸਪੀ ਹਰਜੀਤ ਸਿੰਘ ਨੂੰ ਮੰਗ ਪੱਤਰ ਦੇ ਕੇ ਕਿਹਾ ਗਿਆ ਹੈ ਕਿ ਪੁਲੀਸ ਜਲਦੀ ਤੋਂ ਜਲਦੀ ਜਾਂਚ ਕਰ ਕੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ। ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਹੈ। ਗੁਰਦਾਸਪੁਰ ਦੇ ਵੱਖ-ਵੱਖ ਨਿੱਜੀ ਸਿੱਖਿਆ ਅਦਾਰਿਆਂ ਦੇ ਪ੍ਰਬੰਧਕਾਂ ਤੇ ਸਟਾਫ਼ ਨੇ ਅੱਜ ਇਸ ਮਾਮਲੇ ਵਿੱਚ ਅਸਲ ਦੋਸ਼ੀ ਨੂੰ ਸਾਹਮਣੇ ਲਿਆਉਣ ਦੀ ਮੰਗ ਸਬੰਧੀ ਰੋਸ ਵਿਖਾਵੇ ਵੀ ਕੀਤੇ।
ਕਾਦੀਆਂ (ਮਕਬੂਲ ਅਹਿਮਦ): ਸਥਾਨਕ ਸਾਰੇ ਸਕੂਲਾਂ ’ਚ ਅੱਜ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਸੱਦੇ ’ਤੇ ਹੜਤਾਲ ਰਹੀ। ਫੈਡਰੇਸ਼ਨ ਦਾ ਦਾਅਵਾ ਹੈ ਕਿ ਪੁਲੀਸ ਨੇ ਦਬਾਅ ਕਰ ਕੇ ਨਾਜਾਇਜ਼ ਤੌਰ ’ਤੇ ਸਕੂਲ ਪ੍ਰਬੰਧਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਦੂਜੇ ਪਾਸੇ ‘ਆਪ’ ਮਹਿਲਾ ਵਿੰਗ ਦੀ ਸਕੱਤਰ ਬਬੀਤਾ ਖੋਸਲਾ ਨੇ ਪ੍ਰਾਈਵੇਟ ਸਕੂਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਨੀਤੀ ਕਰਨ ਦੀ ਥਾਂ ਅਸਲ ਦੋਸ਼ੀਆਂ ਨੂੰ ਫੜਵਾਉਣ ’ਚ ਮਦਦ ਕਰਨ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਦੇ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਕਿਹਾ ਕਿ ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਨਿੰਦਾ ਕੀਤੀ ਹੈ ਅਤੇ ਨਾਲ ਹੀ ਬਿਨਾ ਕਿਸੇ ਤੱਥਾਂ ਤੋਂ ਸਕੂਲ ਪ੍ਰਬੰਧਕਾਂ ’ਤੇ ਕੇ ਦਰਜ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਵੀ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਜੇ ਬੱਚੀ ਨੂੰ ਇਨਸਾਫ ਨਾ ਮਿਲਿਆ ਤੇ ਪ੍ਰਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸਾਰੀਆਂ ਸੰਸਥਾਵਾਂ ਸੜਕਾਂ ’ਤੇ ਹੋਣਗੀਆਂ।
ਏਡੀਜੀਪੀ ਵੱਲੋਂ ਨਿੱਜੀ ਸੰਸਥਾਵਾਂ ਦੇ ਵਫ਼ਦ ਨਾਲ ਮੀਟਿੰਗ ਅੱਜ
ਸ਼ੇਰਪੁਰ (ਬੀਰਬਲ ਰਿਸ਼ੀ): ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਗੁਰਦਾਸਪੁਰ ਦੇ ਇੱਕ ਨਾਮਵਰ ਪ੍ਰਾਈਵੇਟ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਉਸ ਦੇ ਪੁੱਤਰ ਦੀ ਰਿਹਾਈ ਦੀ ਮੰਗ ਸਬੰਧੀ ਅੱਜ ਪੰਜਾਬ ਭਰ ਦੇ ਪ੍ਰਾਈਵੇਟ ਅਦਾਰਿਆਂ ਅੰਦਰ ਦਿੱਤੇ ਬੰਦ ਦੇ ਸੱਦੇ ਨੂੰ ਜ਼ਬਰਦਸ਼ਤ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ। ਸ੍ਰੀ ਧੂਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਦੇ ਏਡੀਜੀਪੀ ਨੇ ਮਸਲੇ ਦੇ ਠੋਸ ਹੱਲ ਲਈ 12 ਅਪਰੈਲ ਨੂੰ ਚੰਡੀਗੜ੍ਹ ਵਿੱਚ ਸਵੇਰੇ 9.30 ਵਜੇ ਮੀਟਿੰਗ ਸੱਦੀ ਹੈ, ਜਿਸ ਵਿੱਚ ਸੰਸਥਾਵਾਂ ਦਾ ਉੱਚ ਪੱਧਰੀ ਵਫ਼ਦ ਸ਼ਾਮਲ ਹੋਵੇਗਾ।