ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 15 ਅਕਤੂਬਰ
ਮੋਗਾ ਜ਼ਿਲ੍ਹੇ ਦੀ ਮਹਿਲਾ ਕਰਮਚਾਰੀ ਨਾਲ ਜਬਰ-ਜਨਾਹ ਦੇ ਮਾਮਲੇ ’ਚ ਸਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਜ਼ਿਲ੍ਹਾ ਯੂਥ ਕਾਂਗਰਸ ਮੋਗਾ ਦੇ ਮੁਅੱਤਲ ਪ੍ਰਧਾਨ ਵਰੁਣ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਫਰੀਦਕੋਟ ਰੇਂਜ ਦੇ ਆਈਜੀ ਕੌਸਤੁਬ ਸ਼ਰਮਾ, ਐਸਐਸਪੀ ਫਰੀਦਕੋਟ ਸਵਰਨਦੀਪ ਸਿੰਘ, ਏਸੀਪੀ ਲੁਧਿਆਣਾ ਰਾਜਿੰਦਰ ਕੌਰ ਅੱਜ ਥਾਣਾ ਨਿਹਾਲ ਸਿੰਘ ਵਾਲਾ ਪਹੁੰਚੇ ਅਤੇ ਪੀੜਤ ਔਰਤ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ। ਦੱਸਣਯੋਗ ਹੈ ਕਿ ਉਦੋਂ ਦੇ ਯੂਥ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਵਰੁਣ ਜੋਸ਼ੀ ਵਾਸੀ ਹਿੰਮਤਪੁਰਾ ਖਿਲਾਫ਼ ਇੱਕ ਔਰਤ ਨੇ ਜਬਰ ਜਨਾਹ, ਇੰਟਰਨੈਟ ’ਤੇ ਅਸ਼ਲੀਲ ਤਸਵੀਰਾਂ ਪਾਉਣ ਅਤੇ ਬਲੈਕਮੇਲ ਕਰਨ ਦੇ ਦੋਸ਼ ਲਾਏ ਸਨ। ਹਾਈ ਕੋਰਟ ਨੇ ਡੀਜੀਪੀ ਨੂੰ ਹੁਕਮ ਦਿੱਤਾ ਸੀ ਕਿ ਡੀਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਸਿਟ ਬਣਾ ਕੇ ਜਾਂਚ ਕੀਤੀ ਜਾਵੇ।