ਪੱਤਰ ਪ੍ਰੇਰਕ
ਮਮਦੋਟ, 7 ਜੂਨ
ਨੇੜਲੇ ਪਿੰਡ ਕੜਮਾ ਦੀ ਵਸਨੀਕ ਇੱਕ ਲੜਕੀ ਨੇ ਥਾਣਾ ਮਮਦੋਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਪੰਜ ਜੂਨ ਨੂੰ ਵਟਸਐਪ ਕਾਲ ਰਾਹੀਂ ਇੱਕ ਵਿਅਕਤੀ ਨੇ ਉਸ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਹੈ ਤੇ ਅਜਿਹਾ ਨਾ ਕਰਨ ’ਤੇ ਉਕਤ ਵਿਅਕਤੀ ਨੇ ਉਸ ਨੂੰ ਅਗਵਾ ਕਰਨ ਦੀ ਧਮਕੀ ਵੀ ਦਿੱਤੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਕਤ ਵਿਅਕਤੀ ਖ਼ੁਦ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਬੰਦਾ ਦੱਸ ਰਿਹਾ ਸੀ। ਲੜਕੀ ਵੱਲੋਂ 112 ਨੰਬਰ ’ਤੇ ਫੋਨ ਕਰਕੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਉਣ ਮਗਰੋਂ ਉਕਤ ਵਿਅਕਤੀ ਨੇ ਪੁਲੀਸ ਕੋਲ ਜਾਣ ਤੋਂ ਰੋਕਦਿਆਂ ਮਾੜੇ ਨਤੀਜੇ ਭੁਗਤਣ ਦੀ ਗੱਲ ਵੀ ਆਖੀ ਹੈ। ਮੁਲਜ਼ਮ ਨੇ ਉਕਤ ਲੜਕੀ ਨੂੰ ਪੀਐੱਨਬੀ ਤੇ ਐੱਸਬੀਆਈ ਅਕਾਊਂਟ ਨੰਬਰ ਦੇ ਕੇ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।