ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 12 ਜੂਨ
ਕੁਝ ਅਣਪਛਾਤੇ ਅਨਸਰਾਂ ਨੇ ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦੀ ਨੂੰ ਧਮਕੀ ਦੇ ਕੇ ਫਿਰੌਤੀ ਮੰਗੀ ਹੈ। ਜਾਂਚ ਅਧਿਕਾਰੀ ਮੁਤਾਬਕ ਥਾਣਾ ਫ਼ਤਹਿਗੜ੍ਹ ਚੂੜੀਆਂ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਸੁਰਿੰਦਰ ਕੁਮਾਰ ਸ਼ਿੰਦੀ ਨੇ ਦੱਸਿਆ ਕਿ 11 ਜੂਨ ਨੂੰ ਸਵੇਰੇ 9:48 ਵਜੇ ਉਸ ਦੇ ਮੋਬਾਈਲ ’ਤੇ ਕਾਲ ਆਈ ਤੇ ਉਸ ਨੂੰ ਫ਼ਤਹਿਪੁਰ ਜੇਲ੍ਹ ਅੰਮ੍ਰਿਤਸਰ ਦੇ ਬਾਹਰ 5 ਲੱਖ ਰੁਪਏ ਲੈ ਕੇ ਆਉਣ ਲਈ ਆਖਿਆ। ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਪੈਸੇ ਨਾ ਦੇਣ ’ਤੇ ਉਸ ਦੇ ਲੜਕੇ ਸਾਹਿਲ ਨੂੰ ਅਗਵਾ ਕਰ ਲਿਆ ਜਾਵੇਗਾ ਜਿਸ ਮਗਰੋਂ 25 ਲੱਖ ਰੁਪਏ ਦੇਣੇ ਪੈਣਗੇ। ਸ਼ਿਕਾਇਤ ਮੁਤਾਬਕ ਸਾਬਕਾ ਪ੍ਰਧਾਨ ਸ਼ਿੰਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ਤਹਿਪੁਰ ਜੇਲ੍ਹ ਦੇ ਬਾਹਰ ਕਾਲੇ ਸ਼ੀਸ਼ਿਆਂ ਵਾਲੀ ਸਕਾਰਪੀਓ ਗੱਡੀ ’ਚ ਪੈਸੇ ਫੜਾਉਣ ਲਈ ਕਿਹਾ ਗਿਆ। ਥਾਣਾ ਫਤਹਿਗੜ੍ਹ ਚੂੜੀਆਂ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈੈ। ਇਸ ਘਟਨਾਕ੍ਰਮ ਮਗਰੋਂ ਸੁਰਿੰਦਰ ਕੁਮਾਰ ਸ਼ਿੰਦੀ ਦੇ ਸਥਾਨਕ ਘਰ ਨੇੜੇ ਕੁਝ ਪੁਲੀਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਦੂਜੇ ਪਾਸੇ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਧਮਕੀ ਕਿਸੇ ਗੈਂਗਸਟਰ ਗਰੁੱਪ ਵੱਲੋਂ ਦਿੱਤੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।