ਪੱਤਰ ਪ੍ਰੇਰਕ
ਗਿੱਦੜਬਾਹਾ, 26 ਜੂਨ
ਇੱਥੇ ਵਰੁਣ ਗਰਗ ਪੁੱਤਰ ਹਰਮੰਦਰ ਸਿੰਘ ਗਰਗ ਵਾਸੀ ਭੱਠੀ ਵਾਲਾ ਮੋੜ ਗਿੱਦੜਬਾਹਾ ਵੱਲੋਂ ਬੀਤੇ ਦਿਨ ਰੰਮੀ ਨਾਮੀਂ ਵਿਅਕਤੀ ’ਤੇ ਉਸ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਦੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਗਿੱਦੜਬਾਹਾ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਵੱਡੇ ਖੁਲਾਸੇ ਕੀਤੇ ਹਨ। ਇਸ ਸਬੰਧੀ ਡੀਐੱਸਪੀ ਗਿੱਦੜਬਾਹਾ ਨਰਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਅਗਵਾ ਕਰਨ ਦਾ ਮਾਮਲਾ ਬਿਲਕੁਲ ਬੇਬੁਨਿਆਦ ਹੈ, ਕਿਉਂਕਿ ਵਰੁਣ ਗਰਗ ਉਕਤ ਰੰਮੀ ਨੂੰ ਪਹਿਲਾਂ ਤੋਂ ਹੀ ਨਿੱਜੀ ਤੌਰ ’ਤੇ ਜਾਣਦਾ ਸੀ ਅਤੇ ਆਪਣੀ ਮਰਜ਼ੀ ਨਾਲ ਰੰਮੀ ਨਾਲ ਕਾਰ ਨੰਬਰ ਪੀਬੀ 15 ਵੀ 5217 ਵਿੱਚ ਬੈਠ ਕੇ ਗਿਆ ਸੀ ਜਦਕਿ ਰੰਮੀ ਵੱਲੋਂ ਵਰੁਣ ਗਰਗ ਪਾਸੋਂ ਫਿਰੌਤੀ ਜ਼ਰੂਰ ਮੰਗੀ ਗਈ ਸੀ। ਇਸ ਮੌਕੇ ਡੀਐੱਸਪੀ ਨੇ ਦੱਸਿਆ ਕਿ ਵਰੁਣ ਦੇ ਕਾਰ ਵਿੱਚ ਬੈਠਣ ਤੋਂ ਬਾਅਦ ਰੰਮੀ ਨੇ ਆਪਣੀ ਕਾਰ ਨੂੰ ਲਾਕ ਕਰ ਲਿਆ ਅਤੇ ਵਰੁਣ ਗਰਗ ਤੋਂ 2 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਅਜਿਹਾ ਨਾ ਕਰਨ ’ਤੇ ਵਰੁਣ ਗਰਗ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਵਰੁਣ ਗਰਗ ਅਨੁਸਾਰ ਰੰਮੀ ਕੋਲ ਇੱਕ ਪਿਸਤੌਲ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਥਾਣਾ ਗਿੱਦੜਬਾਹਾ ਪੁਲੀਸ ਨੇ ਰੰਮੀ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।