ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਅਗਸਤ
ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਯਤਨਾਂ ਸਦਕਾ ਪਿੰਡ ਹਸਨਪੁਰ ਦੇ 46 ਸਾਲਾ ਰਣਜੀਤ ਸਿੰਘ ਦੀ ਲਾਸ਼ ਅੱਜ ਦੁਬਈ ਤੋਂ ਇੱਥੇ ਹਵਾਈ ਅੱਡੇ ਪੁੱਜ ਗਈ, ਜਿੱਥੇ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਇਹ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਲਗਪਗ 56 ਦਿਨ ਪਹਿਲਾਂ ਦੁਬਈ ਵਿੱਚ ਉਸ ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਮ੍ਰਿਤਕ ਦੀ ਦੇਹ ਵਤਨ ਪਹੁੰਚਾਉਣ ਲਈ ਟਰੱਸਟ ਕੋਲੋਂ ਮਦਦ ਮੰਗੀ ਸੀ।
ਟਰੱਸਟ ਦੇ ਬਾਨੀ ਡਾ. ਐੱਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ 20 ਸਾਲ ਪਹਿਲਾਂ ਦੁਬਈ ਗਿਆ ਸੀ। ਇੱਕ ਸਾਲ ਪਹਿਲਾਂ ਦੁਬਈ ’ਚ ਅਚਾਨਕ ਉਸ ਦੀ ਸਿਹਤ ਵਿਗੜ ਗਈ, ਜਿਸ ਪਿੱਛੋਂ ਉਹ ਪੱਕੇ ਤੌਰ ’ਤੇ ਵਾਪਸ ਪੰਜਾਬ ਆ ਗਿਆ ਸੀ। ਉਹ ਇੱਥੇ ਪੰਜਾਬ ਵਿੱਚ ਲੰਮਾ ਸਮਾਂ ਬਿਮਾਰ ਰਿਹਾ ਅਤੇ ਹਸਪਤਾਲ ਵਿੱਚ ਦਾਖ਼ਲ ਰਹਿ ਕੇ ਉਸ ਨੇ ਆਪਣਾ ਇਲਾਜ ਕਰਵਾਇਆ, ਜਿਸ ਦੌਰਾਨ ਇੱਕ ਵਾਰ ਮੁੜ ਪਰਿਵਾਰ ਦੇ ਆਰਥਿਕ ਹਾਲਾਤ ਵਿਗੜ ਗਏ।
ਇਸ ਕਾਰਨ ਉਹ ਵਿਜ਼ਟਰ ਵੀਜ਼ਾ ’ਤੇ ਕੁਝ ਮਹੀਨੇ ਪਹਿਲਾਂ ਹੀ ਮੁੜ ਦੁਬਈ ਗਿਆ ਸੀ। ਉਸ ਨੇ ਉੱਥੇ ਕਾਫ਼ੀ ਹੱਥ ਪੈਰ ਮਾਰੇ, ਪਰ ਕਰੋਨਾ ਕਾਰਨ ਪੈਦਾ ਹਾਲਾਤ ਵਿੱਚ ਉਸ ਨੂੰ ਪੱਕਾ ਕੰਮ ਨਹੀਂ ਮਿਲ ਸਕਿਆ। ਇਸ ਦੌਰਾਨ ਉਸ ਦੀ ਮਾਂ ਦੀ ਮੌਤ ਹੋ ਗਈ।
ਆਪਣੀ ਮਾਂ ਦੀ ਮੌਤ ਅਤੇ ਕੰਮ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਾ ਤੇ ਕੁਝ ਦਿਨਾਂ ਬਾਅਦ ਅਚਾਨਕ ਉਸ ਦੀ ਮੌਤ ਹੋ ਗਈ। ਹਵਾਈ ਅੱਡੇ ਤੋਂ ਰਣਜੀਤ ਸਿੰਘ ਦੀ ਲਾਸ਼ ਲੈਣ ਲਈ ਪਹੁੰਚੇ ਰਣਜੀਤ ਸਿੰਘ ਦੇ ਭਰਾ ਬਲਕਾਰ ਸਿੰਘ, ਸਰਵਣ ਸਿੰਘ ਤੇ ਅਮਨਦੀਪ ਸਿੰਘ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਸਹਿਯੋਗ ਲਈ ਡਾ. ਓਬਰਾਏ ਦਾ ਧੰਨਵਾਦ ਕੀਤਾ।