ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 22 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਸਿਆਸੀ ਪਾਰੀ ਲਈ ਸਰਗਰਮੀ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਆਪਣੀ ਅਣਦੇਖੀ ਦਾ ਸ਼ਿਕਾਰ ਹੋ ਕੇ ਘਰਾਂ ਵਿੱਚ ਸ਼ਾਂਤ ਬੈਠੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਮਨਾ ਕੇ ਆਪਣੇ ਨਾਲ ਤੋਰਨ ਲਈ ਆਰੰਭੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਭਲਕੇ 23 ਜੁਲਾਈ ਨੂੰ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ। ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਟਕਸਾਲੀ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ 11 ਵਜੇ ਜਥੇਦਾਰ ਤਲਵੰਡੀ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਹੇਠ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਸਬੰਧੀ ਕੋਵਿਡ-19 ਸਬੰਧੀ ਜ਼ਰੂਰੀ ਹਦਾਇਤਾਂ ਅਤੇ ਸੋਸ਼ਲ ਡਿਸਟੈਂਸੀ ਨੂੰ ਧਿਆਨ ਵਿੱਚ ਰੱਖਦਿਆਂ ਮੁਹਾਲੀ ਸਥਿਤ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਫੇਜ਼-11 ਵਿੱਚ ਇਕ ਸਾਧਾਰਨ ਜਿਹਾ ਪ੍ਰੋਗਰਾਮ ਰੱਖਿਆ ਗਿਆ ਹੈ। ਜਿਸ ਵਿੱਚ ਬਹੁਤ ਹੀ ਘੱਟ ਵਿਅਕਤੀਆਂ ਨੂੰ ਪਹੁੰਚਣ ਲਈ ਸੱਦਾ ਗਿਆ ਹੈ।