ਜਗਮੋਹਨ ਸਿੰਘ
ਰੂਪਨਗਰ/ਘਨੌਲੀ, 19 ਮਈ
ਪੰਜਾਬ ਵਿੱਚ ਪੈ ਰਹੀ ਕਹਿਰ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਵਧਣ ਉਪਰੰਤ ਜਿੱਥੇ ਗੋਇੰਦਵਾਲ ਨੂੰ ਛੱਡ ਕੇ ਪੰਜਾਬ ਦੇ ਸਾਰੇ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ ਵੱਧ ਤੋਂ ਵੱਧ ਬਿਜਲੀ ਪੈਦਾਵਾਰ ਦੇ ਯਤਨ ਕੀਤੇ ਜਾ ਰਹੇ ਹਨ, ਉੱਥੇ ਸੂਬੇ ਦੇ ਸਰਕਾਰੀ ਥਰਮਲ ਪਲਾਂਟਾਂ ਅਤੇ ਨਹਿਰੀ ਪ੍ਰਾਜੈਕਟਾਂ ਰਾਹੀਂ ਵੀ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਝ ਸਰਕਾਰੀ ਥਰਮਲ ਪਲਾਂਟਾਂ ਦੇ ਚਾਰ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਪਏ ਹਨ ਅਤੇ ਨਹਿਰੀ ਪ੍ਰਾਜੈਕਟਾਂ ਦੇ ਉਤਪਾਦਨ ਵਿੱਚ ਪਾਣੀ ਦੀ ਘਾਟ ਅੜਿੱਕਾ ਬਣ ਰਹੀ ਹੈ।
ਪਾਵਰਕੌਮ ਦੇ ਲੋਡ ਡਿਸਪੈਚ ਸੈਂਟਰ ਮੁਤਾਬਕ ਸਰਕਾਰੀ ਥਰਮਲ ਪਲਾਂਟਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਤਿੰਨ ਯੂਨਿਟ 527 ਮੈਗਾਵਾਟ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ 4 ਨੰਬਰ ਯੂਨਿਟ ਨੇ 170 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤੀ।
ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ 1400 ਮੈਗਾਵਾਟ ਸਮਰੱਥਾ ਵਾਲੇ ਯੂਨਿਟ 1333 ਮੈਗਾਵਾਟ, ਤਲਵੰਡੀ ਸਾਬੋ ਦੇ 1980 ਮੈਗਾਵਾਟ ਸਮਰੱਥਾ ਦੇ ਤਿੰਨੋਂ ਯੂਨਿਟ 1655 ਮੈਗਾਵਾਟ ਅਤੇ ਗੋਇੰਦਵਾਲ ਥਰਮਲ ਪਲਾਂਟ ਦੇ 270 ਮੈਗਾਵਾਟ ਦੀ ਸਮਰੱਥਾ ਵਾਲੇ 2 ਨੰਬਰ ਯੂਨਿਟ ਨੇ 201 ਮੈਗਾਵਾਟ ਬਿਜਲੀ ਪੈਦਾ ਕੀਤੀ। ਬਿਜਲੀ ਪੈਦਾ ਕਰਨ ਦੇ ਨਹਿਰੀ ਪ੍ਰਾਜੈਕਟਾਂ ਵਿੱਚੋਂ ਅਪਰ ਬਾਰੀ ਦੋਆਬ ਕੈਨਾਲ ਪ੍ਰਾਜੈਕਟ ਦੇ ਸਾਰੇ ਯੂਨਿਟ ਅੱਜ ਵੀ ਬੰਦ ਰਹੇ, ਜਦਕਿ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ ਯੂਨਿਟ ਨੰਬਰ 1 ਤੋਂ 19 ਮੈਗਾਵਾਟ ਅਤੇ 2 ਤੋਂ 17 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਸ਼ਾਹਨਨ ਵੱਲੋਂ 75 ਤੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਵੱਲੋਂ 63 ਮੈਗਾਵਾਟ ਦਾ ਯੋਗਦਾਨ ਗਿਆ। ਰਣਜੀਤ ਸਾਗਰ ਡੈਮ ਦਾ ਅੱਜ ਚਾਲੂ ਹੋਇਆ 4 ਨੰਬਰ ਯੂਨਿਟ 120 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।
ਰਣਜੀਤ ਸਾਗਰ ਡੈਮ ਦੇ ਮੁਖੀ ਬਲਕਾਰ ਸਿੰਘ ਮੁਤਾਬਕ ਬਾਕੀ ਯੂਨਿਟ ਹਾਲੇ ਨਹਿਰੀ ਪਾਣੀ ਦੀ ਘਾਟ ਕਾਰਨ ਬੰਦ ਹਨ। ਸਾਲ 2020 ਦੌਰਾਨ ਰਣਜੀਤ ਸਾਗਰ ਡੈਮ ਨੇ ਬਿਜਲੀ ਉਤਪਾਦਨ ਵਿੱਚ ਪਿਛਲੇ 15 ਸਾਲਾਂ ਦੇ ਰਿਕਾਰਡ ਨੂੰ ਤੋੜਦਿਆਂ 5 ਮਾਰਚ, 2020 ਤੱਕ 2013.194 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਸੀ, ਜੋ ਕਿ ਇਸ ਤੋਂ ਪਹਿਲਾਂ 2005-06 ਵਿੱਚ ਇੱਕ ਸਾਲ ਦੌਰਾਨ 2013.19 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਗਿਆ ਸੀ।