ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਅਕਤੂਬਰ
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੀਆਂ ਵਿਦੇਸ਼ਾਂ ਵਿਚਲੀਆਂ ਜਾਇਦਾਦਾਂ ਬਾਰੇ ਨਿਰਪੱਖ ਜਾਂਚ ਹੁੰਦੀ ਤਾਂ ਹੁਣ ਤੱਕ ਉਹ ਸਲਾਖ਼ਾਂ ਪਿੱਛੇ ਹੁੰਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂਰਾ ਕੁਸ਼ਤੀ ਖੇਡ ਰਹੇ ਹਨ। ਊਨ੍ਹਾਂ ਕਿਹਾ ਕਿ ਕੈਪਟਨ ਦੀ ਪਿਛਲੀ (2002-2007) ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਨੂੰ ਰਣਇੰਦਰ ਸਿੰਘ ਵੱਲੋਂ ਸਵਿਟਜ਼ਰਲੈਂਡ ਦੀਆਂ ਬੈਂਕਾਂ ’ਚ ਭੇਜਣ ਅਤੇ ਬਹੁ-ਚਰਚਿਤ ਜਕਰਾਂਦਾ ਟਰੱਸਟ ਆਈਲੈਂਡ ਵਿੱਚ ਮੋਟਾ ਲੈਣ-ਦੇਣ ਕਰਨ ਵਾਲੇ ਮਾਮਲੇ ’ਚ ਈਡੀ ਕੋਲ ਕਾਫ਼ੀ ਸਬੂਤ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਈਡੀ ਵੱਲੋਂ ਫ਼ੌਰਨ-ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ 4 ਸਾਲਾਂ ਤੋਂ ਕੇਸ ਚੱਲ ਰਿਹਾ ਹੈ ਪਰ ਇੰਨਾ ਵੱਡਾ ਕਥਿਤ ਭ੍ਰਿਸ਼ਟਾਚਾਰ ਹੋਣ ਦੇ ਬਾਵਜੂਦ ਨਰਿੰਦਰ ਮੋਦੀ ਨੇ ਕੈਪਟਨ ਦੇ ਸ਼ਾਹੀ ਪਰਿਵਾਰ ਨੂੰ ਹੱਥ ਨਹੀਂ ਪਾਇਆ।