ਜਸਵੰਤ ਜੱਸ
ਫਰੀਦਕੋਟ, 7 ਮਈ
ਕਰੋਨਾ ਦੇ ਮੱਦੇਨਜ਼ਰ ਜੇਲ੍ਹ ਵਿਭਾਗ ਦੀਆਂ ਤਿਆਰੀਆਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲੈਣ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫਰੀਦਕੋਟ ਦੀ ਮਾਡਰਨ ਜੇਲ੍ਹ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸੂਬੇ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਇੰਤਜ਼ਾਮ ਪੁਖਤਾ ਕਰਨ ਦੇ ਆਦੇਸ਼ ਦਿੱਤੇ ਅਤੇ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਕੈਦੀਆਂ ਲਈ ਟੀਕਾਕਰਨ, ਮਾਸਕ, ਸੈਨੀਟਾਈਜ਼ੇਸ਼ਨ ਅਤੇ ਡਾਕਟਰੀ ਸੇਵਾਵਾਂ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕੁੱਲ 25 ਜੇਲ੍ਹਾਂ ਵਿੱਚ ਇਸ ਵੇਲੇ 23,502 ਬੰਦੀ ਹਨ। ਜਦੋਂ ਤੋਂ ਕਰੋਨਾ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤਕ ਜੇਲ੍ਹ ਵਿਭਾਗ ਵੱਲੋਂ 60,000 ਟੈਸਟ ਕਰਵਾਏ ਗਏ ਹਨ। ਇਨ੍ਹਾਂ ’ਚੋਂ 3,294 ਕੈਦੀ ਪਾਜ਼ੇਟਿਵ ਆ ਜਾ ਚੁੱਕੇ ਹਨ। ਮੌਜੂਦਾ ਸਮੇਂ 650 ਕਰੋਨਾ ਪਾਜ਼ੇਟਿਵ ਕੈਦੀ ਜੇਲ੍ਹਾਂ ਵਿੱਚ ਬੰਦ ਹਨ। 45 ਸਾਲ ਤੋਂ ਉਪਰ ਵਾਲੇ 5,813 ਕੈਦੀਆਂ ਅਤੇ 2,408 ਜੇਲ੍ਹ ਕਰਮੀਆਂ ਦਾ ਟੀਕਾਕਰਨ ਹੋ ਚੁੱਕਿਆ ਹੈ। ਉਨ੍ਹਾਂ ਕੈਦੀਆਂ ਲਈ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ ਨੂੰ ਵੱਡੀਆਂ ਜੇਲ੍ਹਾਂ ਲਈ 50-50 ਅਤੇ ਛੋਟੀਆਂ ਜੇਲ੍ਹਾਂ ਲਈ 15-15 ਆਕਸੀਮੀਟਰਾਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ।
ਇਸ ਦੌਰਾਨ ਜੇਲ੍ਹ ਮੰਤਰੀ ਨੇ ਫਰੀਦਕੋਟ ਜੇਲ੍ਹ ਵਿੱਚ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਉਮਰ ਵਰਗ ਦੇ ਕੈਦੀਆਂ ਦੇ ਟੀਕਾਕਰਨ ਸਬੰਧੀ ਉਹ ਉਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਸ ਦੀ ਜਲਦੀ ਸ਼ੁਰੂਆਤ ਕਰਵਾਉਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਡੀਆਈਜੀ ਜੇਲ੍ਹਾਂ ਤਜਿੰਦਰ ਸਿੰਘ ਮੌੜ, ਐੱਸਐੱਸਪੀ ਸਵਰਨਦੀਪ ਸਿੰਘ, ਐੱਸਡੀਐੱਮ ਪੂਨਮ ਸਿੰਘ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਵੀ ਹਾਜ਼ਰ ਸਨ।
ਚਾਰ ਜੇਲ੍ਹਾਂ ਕਰੋਨਾ ਪਾਜ਼ੇਟਿਵ ਕੈਦੀਆਂ ਲਈ ਰਾਖਵੀਆਂ
ਜੇਲ੍ਹ ਮੰਤਰੀ ਰੰਧਾਵਾ ਨੇ ਦੱਸਿਆ ਕਿ ਜੇਲ੍ਹ ਵਿਭਾਗ ਨੇ ਕੋਵਿਡ ਦੇ ਮੱਦੇਨਜ਼ਰ ਚਾਰ ਜੇਲ੍ਹਾਂ ਕਰੋਨਾ ਪਾਜ਼ੇਟਿਵ ਕੈਦੀਆਂ ਲਈ ਰਾਖਵੀਆਂ ਰੱਖੀਆਂ ਹਨ। ਇਨ੍ਹਾਂ ਵਿੱਚ ਜ਼ਿਲ੍ਹਾ ਜੇਲ੍ਹ ਲੁਧਿਆਣਾ, ਮੋਗਾ ਜੇਲ੍ਹ, ਮਾਲੇਰਕੋਟਲਾ ਅਤੇ ਸਪੈਸ਼ਲ ਜੇਲ੍ਹ ਬਠਿੰਡਾ ਸ਼ਾਮਲ ਹਨ। ਮਾਲੇਰਕੋਟਲਾ ਜੇਲ੍ਹ ਵਿੱਚ ਔਰਤ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਜਦੋਂ ਕਿ ਬਾਕੀ ਦੀਆਂ ਤਿੰਨ ਜੇਲ੍ਹਾਂ ਵਿੱਚ ਪੁਰਸ਼ਾਂ ਨੂੰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਹੁਣ ਤਕ ਲੱਖ ਤੋਂ ਵੱਧ ਮਾਸਕ ਵੰਡੇ ਜਾ ਚੁੱਕੇ ਹਨ। ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਮੁਲਾਕਾਤ ਕਰਵਾਈ ਜਾਂਦੀ ਹੈ।