ਦਵਿੰਦਰ ਪਾਲ
ਚੰਡੀਗੜ੍ਹ, 28 ਅਕਤੂਬਰ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੌਮੀ ਮਾਰਗਾਂ ’ਤੇ ਲੱਗੇ ਪੁਲੀਸ ਨਾਕਿਆਂ ਦੀ ਅਸਲ ਸਥਿਤੀ ਜਾਣਨ ਅਤੇ ਸੜਕ ਉੱਪਰ ਭੀੜ ਵਾਲੀਆਂ ਥਾਵਾਂ ’ਤੇ ਆਵਾਜਾਈ ਵਿਵਸਥਾ ਦਾ ਜਾਇਜ਼ਾ ਲੈਣ ਲਈ ਅਚਨਚੇਤ ਜਾਂਚ ਕੀਤੀ। ਇਸ ਦੌਰਾਨ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਹੇਠ ਚਾਰ ਪੁਲੀਸ ਕਰਮੀਆਂ ਨੂੰ ਮੁਅੱਤਲ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਿੰਨ ਪੁਲੀਸ ਕਰਮੀ ਫਿਲੌਰ (ਜਲੰਧਰ) ਤੇ ਇੱਕ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ) ਨਾਲ ਸਬੰਧਤ ਹੈ। ਸ੍ਰੀ ਰੰਧਾਵਾ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਗੋਬਿੰਦਗੜ੍ਹ ਵਿੱਚ ਆਵਾਜਾਈ ਵਿਵਸਥਾ ਲਈ ਪੁਲੀਸ ਦੇ ਢਿੱਲੇ ਪ੍ਰਬੰਧਾਂ ’ਤੇ ਨਾਖੁਸ਼ੀ ਪ੍ਰਗਟਾਈ। ਇਸੇ ਤਰ੍ਹਾਂ ਸਤਲੁਜ ਪੁਲ ਪਾਰ ਕਰਨ ਸਾਰ ਫਿਲੌਰ (ਜ਼ਿਲ੍ਹਾ ਜਲੰਧਰ) ਵਿੱਚ ਜੀਟੀ ਰੋਡ ’ਤੇ ਲੱਗੇ ਨਾਕੇ ’ਤੇ ਤਾਇਨਾਤ ਪੁਲੀਸ ਕਰਮੀਆਂ ਨੂੰ ਮੁਸਤੈਦੀ ਨਾਲ ਡਿਊਟੀ ਕਰਨ ਦੀ ਹਦਾਇਤ ਕੀਤੀ। ਉਪ ਮੁੱਖ ਮੰਤਰੀ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਸਾਹਮਣੇ ਆਈਆਂ ਊਣਤਾਈਆਂ ਮਗਰੋਂ ਐੱਸਐੱਸਪੀ ਫਤਹਿਗੜ੍ਹ ਸਾਹਿਬ ਸੰਦੀਪ ਗੋਇਲ ਨੇ ਗੋਬਿੰਦਗੜ੍ਹ ਵਿੱਚ ਤਾਇਨਾਤ ਟ੍ਰੈਫਿਕ ਇੰਚਾਰਜ ਏਐੱਸਆਈ ਗੁਰਮੀਤ ਸਿੰਘ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੰਦਿਆਂ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਗੋਬਿੰਦਗੜ੍ਹ ਵਿੱਚ ਕੌਮੀ ਮਾਰਗ ’ਤੇ ਜਾਮ ਲੱਗਿਆ ਹੋਇਆ ਸੀ ਤੇ ਟ੍ਰੈਫਿਕ ਇੰਚਾਰਜ ਮੌਕੇ ’ਤੇ ਹਾਜ਼ਰ ਨਹੀਂ ਸੀ। ਇਸੇ ਤਰ੍ਹਾਂ ਫਿਲੌਰ ਵਿੱਚ ਪੁਲੀਸ ਨਾਕੇ ’ਤੇ ਕੀਤੀ ਗਈ ਜਾਂਚ ਦੌਰਾਨ ਮਿਲੀਆਂ ਊਣਤਾਈਆਂ ਤੋਂ ਬਾਅਦ ਐੱਸਐੱਸਪੀ ਜਲੰਧਰ ਦਿਹਾਤੀ ਸਤਿੰਦਰ ਸਿੰਘ ਨੇ ਉਥੇ ਤਾਇਨਾਤ ਏਐੱਸਆਈ ਜਸਵੰਤ ਸਿੰਘ, ਏਐੱਸਆਈ ਬਲਵਿੰਦਰ ਸਿੰਘ ਤੇ ਸਿਪਾਹੀ ਕੁਲਜੀਤ ਸਿੰਘ ਨੂੰ ਮੁਅੱਤਲ ਕਰ ਕੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।