ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 29 ਜਨਵਰੀ
ਪੰਜਾਬ ਦੇ ਉਪ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਉਨ੍ਹਾਂ ਆਪਣਾ ਕਵਰਿੰਗ ਉਮੀਦਵਾਰ ਆਪਣੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਬਣਾਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ ਅਤੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਵਿਕਾਸ ਤੇ ਹਲਕੇ ਦੇ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, ‘‘ਵਿਰੋਧੀ ਮੇਰੇ ਸਖ਼ਤ ਸੁਭਾਅ ਨੂੰ ਮੁੱਦਾ ਬਣਾ ਰਹੇ ਹਨ। ਮੈਂ ਨਸ਼ਿਆਂ ਅਤੇ ਹੋਰ ਗ਼ਲਤ ਕੰਮਾਂ ਦੇ ਖ਼ਿਲਾਫ਼ ਬੋਲਦਾ ਹਾਂ। ਇਸ ਲਈ ਮੈਂ ਉਨ੍ਹਾਂ ਨੂੰ ਸਖ਼ਤ ਹੀ ਲੱਗਾਂਗਾ।’’ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਇਲਾਕੇ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਹੈ ਅਤੇ ਲੋਕ ਉਨ੍ਹਾਂ ਦਾ ਸਾਥ ਦੇਣਗੇ। ਨਵਜੋਤ ਸਿੰਘ ਸਿੱਧੂ ਦੀ ਭੈਣ ਵੱਲੋਂ ਲਗਾਏ ਦੋਸ਼ਾਂ ਨੂੰ ਰੰਧਾਵਾ ਨੇ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਅਜਿਹਾ ਕਿਸੇ ਨੇ ਚੋਣਾਂ ’ਚ ਲਾਹਾ ਲੈਣ ਖਾਤਰ ਕਰਵਾਇਆ ਹੈ।
ਪ੍ਰਤਾਪ ਬਾਜਵਾ ਵੱਲੋਂ ਕਾਦੀਆਂ ਤੋਂ ਨਾਮਜ਼ਦਗੀ ਪੱਤਰ ਦਾਖਲ
ਕਾਦੀਆਂ (ਮਕਬੂਲ ਅਹਿਮਦ): ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਗੁਰਦਾਸਪੁਰ ’ਚ ਚੋਣ ਅਧਿਕਾਰੀ ਕੋਲ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ਅਤੇ ਉਨ੍ਹਾਂ ਦਾ ਬੇਟਾ ਨਾਲ ਮੌਜੂਦ ਸੀ। ਪ੍ਰਤਾਪ ਬਾਜਵਾ ਕਾਦੀਆਂ ਅਤੇ ਕਾਹਨੂੰਵਾਨ ਤੋਂ ਵਿਧਾਇਕ ਰਹਿ ਚੁਕੇ ਹਨ। ਇਸ ਵੇਲੇ ਉਹ ਰਾਜ ਸਭਾ ਮੈਂਬਰ ਹਨ। ਉਨ੍ਹਾਂ ਦੇ ਛੋਟੇ ਭਰਾ ਫ਼ਤਹਿਜੰਗ ਸਿੰਘ ਬਾਜਵਾ ਕਾਦੀਆਂ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਸਨ ਪਰ ਹੁਣ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ ਅਤੇ ਬਟਾਲਾ ਤੋਂ ਭਾਜਪਾ ਦੀ ਟਿਕਟ ’ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ।