ਬੀ ਐਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 19 ਮਾਰਚ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਚੰਗਰ ਦੇ ਚੱਪੇ-ਚੱਪੇ ਵਿੱਚ ਲਿਫਟ ਇਰੀਗੇਸ਼ਨ ਸਕੀਮ ਰਾਹੀ ਸਿੰਜਾਈ ਲਈ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 75 ਕਰੋੜ ਦੀ ਲਾਗਤ ਨਾਲ ਚੰਗਰ ਦੇ ਸਮੁੱਚੇ ਖੇਤਰ ਨੂੰ ਲਿਫਟ ਇਰੀਗੇਸ਼ਨ ਰਾਹੀ ਸਿੰਜਾਈ ਲਈ ਪਾਣੀ ਉਪਲੱਬਧ ਕਰਵਾਉਣ ਦੀ ਯੋਜਨਾ ਦੇ ਪਹਿਲੇ ਪੜਾਅ ਵਿੱਚ 550 ਏਕੜ ਰਕਬੇ ਨੂੰ ਅਗਲੇ ਦੋ ਮਹੀਨੇ ਵਿੱਚ ਪਾਣੀ ਪਹੁੰਚਾਇਆ ਜਾਵੇਗਾ।
ਰਾਣਾ ਕੇ.ਪੀ ਸਿੰਘ ਅੱਜ ਲਿਫਟ ਇਰੀਗੇਸ਼ਨ ਸਕੀਮ ਦੇ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਪਿੰਡ ਮੋਹੀਵਾਲ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਥੱਪਲ, ਮੋਹੀਵਾਲ, ਝਿੰਜੜੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿਚ ਜੂਨ ਮਹੀਨੇ ਦੌਰਾਨ ਸਿੰਚਾਈ ਲਈ ਪਾਣੀ ਉਪਲੱਬਧ ਹੋ ਜਾਵੇਗਾ। ਪਹਿਲੇ ਪੜਾਅ ਦੇ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਦੂਜੇ ਪੜਾਅ ’ਤੇ ਕੰਮ ਸੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਗਰ ਖੇਤਰ ਦੇ ਲੋਕਾਂ ਨੂੰ ਲਿਫਟ ਇਰੀਗੇਸ਼ਨ ਸਕੀਮ ਨਾਲ ਸਿੰਜਾਈ ਲਈ ਪਾਣੀ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਖੇਤਰ ਦਾ ਦੌਰਾ ਕਰਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਹੁਣ ਪਹਿਲਾ ਪੜਾਅ ਮੁਕੰਮਲ ਹੋਣ ਜਾ ਰਿਹਾ ਹੈ ਪਹਿਲੇ ਪੜਾਅ ਦਾ 95% ਕੰਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਹਰ ਖੇਤਰ ਨੂੰ ਸਿੰਜਾਈ ਲਈ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੁੂੰ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਇੰ. ਸਿੰਜਾਈ ਗੁਰਪ੍ਰਿਤਪਾਲ ਸਿੰਘ, ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ ਤੇ ਪਿੰਡ ਵਾਸੀ ਹਾਜ਼ਰ ਸਨ।