ਬੀ. ਐਸ. ਚਾਨਾ
ਕੀਰਤਪੁਰ ਸਾਹਿਬ, 14 ਅਗਸਤ
ਕੀਰਤਪੁਰ ਸਾਹਿਬ ਵਿਚ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਲਗਪਗ ਸੱਤ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਟੀਲ ਪੁਲ ਦਾ ਨੀਂਹ ਪੱਥਰ ਰੱਖਿਆ। ਨੰਗਲ ਹਾਈਡਲ ਚੈਨਲ ਨਹਿਰ ’ਤੇ 79 ਮੀਟਰ ਲੰਮਾ ਤੇ 12 ਮੀਟਰ ਚੌੜਾ ਸਟੀਲ ਪੁਲ ਤਿਆਰ ਕੀਤਾ ਜਾ ਰਿਹਾ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਸਿਵਲ ਹਸਪਤਾਲ ਰੂਪਨਗਰ ਵਿਚ ਨਵੇਂ ਬਣਾਏ ਜਾ ਰਹੇ ਵਨ ਸਟਾਪ ਸੈਂਟਰ ਦਾ ਨੀਂਹ ਰੱਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕੇਪੀ ਸਿੰਘ ਨੇ ਕਿਹਾ ਕਿ 37 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸੈਂਟਰ ਦਾ ਕੰਮ ਅਲਾਟ ਕੀਤਾ ਜਾ ਚੁੱਕਾ ਹੈ ਤੇ ਇਹ 6 ਮਹੀਨਿਆਂ ’ਚ ਪੂਰਾ ਹੋ ਜਾਵੇਗਾ।
ਪਿੰਡ ਮਹੈਣ ’ਚ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਹੈਣ ਵਿਚ ਅੱਜ ਰਾਣਾ ਕੇਪੀ ਸਿੰਘ ਨੇ 9 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਊਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਵਿੱਦਿਆ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 1.58 ਕਰੋੜ ਦੀ ਲਾਗਤ ਨਾਲ ਇੱਕ ਸੜਕ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਇਸ ਡਿਗਰੀ ਕਾਲਜ ਦੀ ਇਮਾਰਤ 54890 ਸਕੇਅਰ ਫੁੱਟ ਵਿਚ ਬਣੇਗੀ ਅਤੇ ਇਸ ਇਮਾਰਤ ਵਿਚ ਕਲਾਸਰੂਮ, ਲਾਈਬਰੇਰੀ ਤੇ ਕੰਟੀਨ ਦੇ ਨਾਲ ਨਾਲ ਅੰਗਹੀਣ ਵਿਦਿਆਰਥੀਆਂ ਲਈ ਰੈਂਪ ਵੀ ਬਣਾਏ ਜਾਣਗੇ। ਇਸ ਕਾਲਜ ਦੀ ਚਾਰ ਦੀਵਾਰੀ ਗਰਿੱਲਾਂ ਵਾਲੀ ਬਣਾਈ ਜਾਵੇਗੀ। ਇਹ ਇਮਾਰਤ ਸਾਲ ਵਿਚ ਤਿਆਰ ਹੋਵੇਗੀ।
ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਦਾ ਨੀਂਹ ਪੱਥਰ ਰੱਖਿਆ
ਨੂਰਪੁਰ ਬੇਦੀ (ਬਲਵਿੰਦਰ ਰੈਤ): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਪਿੰਡ ਰੌਲੀ ਵਿਚ ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦੀ ਨੀਂਹ ਪੱਥਰ ਰੱਖਿਆ। ਉਨ੍ਹਾਂ ਪਿੰਡ ਦੇ ਸਕੂਲ ਦਾ ਨਾਂ ਵੀ ਸ਼ਹੀਦ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਕੁਲਵਿੰਦਰ ਸਿੰਘ ਦੇ ਮਾਤਾ ਪਿਤਾ ਦਾ ਸਮਾਜ ਵਿੱਚ ਵਿਸ਼ੇਸ਼ ਸਨਮਾਨ ਰਹੇਗਾ। ਰਾਣਾ ਕੇਪੀ ਨੇ ਕਿਹਾ ਕਿ ਪ੍ਰਸਿੱਧ ਮੰਦਰ ਮਾਤਾ ਨੈਣਾ ਦੇਵੀ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਰੋਪਵੇਅ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ।
ਪਾਰਵਕੌਮ ਮੁਲਾਜ਼ਮਾਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ
ਨੰਗਲ: ਪਾਵਕੌਮ ਵਿਚੋਂ 40 ਹਜ਼ਾਰ ਅਸਾਮੀਆਂ ਖ਼ਤਮ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਟੈਕਨੀਕਲ ਸਰਵਿਸ ਯੂਨੀਅਨ ਦੇ ਮੁਲਾਜ਼ਮਾਂ ਨੇ ਨੰਗਲ ਦਫ਼ਤਰ ਅੱਗੇ ਯੁੂਨੀਅਨ ਆਗੂ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਨ ਉਪੰਰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਮੁਲਾਜ਼ਮ ਆਗੂ ਰਾਕੇਸ਼ ਕੁਮਾਰ ਅਤੇ ਅਜੇ ਕੁਮਾਰ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰ ਰਹੀ ਹੈ ਦੂਜੇ ਪਾਸੇ ਬਿਜਲੀ ਵਿਭਾਗ ਵਿਚ ਕੰਮ ਕਰ ਰਹੇ ਹਜ਼ਾਰਾਂ ਮੁਲਾਜ਼ਮਾਂ ਨੂੰ ਘਰਾਂ ਵਿਚ ਭੇਜਣ ਦੀਆਂ ਵਿਉਂਤਾਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਥਰਮਲ ਪਲਾਟਾਂ ਨੂੰ ਪੁਰਾਣੇ ਦੱਸ ਕੇ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੀਆਰਏ ਅਧੀਨ ਪੱਕੀ ਭਰਤੀ ਕੀਤੀ ਜਾਵੇ, ਏਐੱਲਐੱਮ ਨੂੰ ਪੂਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਪ੍ਰੋਵੇਸ਼ਨ ਪੀਰੀਅਡ ਖਤਮ ਕੀਤਾ ਜਾਵੇ। ਇਸ ਮੌਕੇ ਮੁਲਾਜ਼ਮ ਆਗੂ ਅਜੇ ਕੁਮਾਰ, ਅਵਤਾਰ ਸਿੰਘ, ਰਾਕੇਸ਼ ਕੁਮਾਰ, ਸਤਪਾਲ, ਕਮਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। -ਰਾਕੇਸ਼ ਸੈਣੀ