ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਦਸੰਬਰ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਨਵਜੋਤ ਸਿੰਘ ਸਿੱਧੂ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਸਿੱਧੂ ਦੀ ਸਰਕਾਰ ਵਿੱਚ ਵਾਪਸੀ ਵੱਲ ਇਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਲਗਪਗ ਇਕ ਘੰਟਾ ਚਲੀ ਇਸ ਮੀਟਿੰਗ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਇੱਥੇ ਪੁੱਜੇ ਸੋਢੀ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਨ ਗਏ ਅਤੇ ਮਗਰੋਂ ਉਨ੍ਹਾਂ ਸਿੱਧੂ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ ਵੇਲੇ ਵੀ ਸੋਢੀ ਉਨ੍ਹਾਂ ਦੇ ਨਾਲ ਸਨ। ਅੱਜ ਸਿੱਧੂ ਨਾਲ ਹੋਈ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕਨ ਆਏ ਸਨ। ਇਸ ਦੌਰਾਨ ਇੱਥੇ ਆਉੁਣ ਮਗਰੋਂ ਜਦੋਂ ਉਨ੍ਹਾਂ ਨੇ ਸਿੱਧੂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਘਰ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਇੱਕ ਗੈਰ ਰਸਮੀ ਮੁਲਾਕਾਤ ਸੀ। ਸਿੱਧੂ ਕਾਂਗਰਸ ਨੂੰ ਸਮਰਪਿਤ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਸਤਿਕਾਰ ਕਰਦੇ ਹਨ। ਦੋਵਾਂ ਆਗੂਆਂ ਵਿਚਾਲੇ ਪੈਦਾ ਖਲਾਅ ਪਿਛਲੀ ਮੀਟਿੰੰਗ ਵਿਚ ਦੂਰ ਹੋ ਚੁੱਕਿਆ ਹੈ। ਸਿੱਧੂ ਦੀ ਵਾਪਸੀ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਰਫ ਕੈਪਟਨ ਜਾਂ ਰਾਹੁਲ ਗਾਂਧੀ ਹੀ ਕੁਝ ਆਖ ਸਕਦੇ ਹਨ। ਉਂਝ ਪੰਜਾਬ ਕਾਂਗਰਸ ਦੀ ਵਜ਼ਾਰਤ ਵਿਚ ਅੱਜ ਵੀ ਇਕ ਮੰਤਰੀ ਦੀ ਥਾਂ ਖਾਲੀ ਹੈ।