ਦਲੇਰ ਸਿੰਘ ਚੀਮਾ
ਭੁਲੱਥ, 30 ਜਨਵਰੀ
ਹਲਕਾ ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਪਰਿਵਾਰ ਸਮੇਤ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ। ਭਟਨੂਰਾ ਖ਼ੁਰਦ, ਲੰਮੇ, ਟਾਂਡੀ ਔਲਖ, ਭਗਵਾਨਪੁਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਉਹ ਰਾਣਾ ਗੁਰਜੀਤ ਸਿੰਘ ਨੂੰ ਯੂਪੀ ਛੱਡ ਕੇ ਆਉਣਗੇ। ਉਨ੍ਹਾਂ ਕਿਹਾ ਕਿ ਰਾਣਾ ਕਾਂਗਰਸ ਦੇ ਵਜ਼ੀਰ ਹੁੰਦੇ ਹੋਏ ਵੀ ਭੁਲੱਥ, ਸੁਲਤਾਨਪੁਰ ਅਤੇ ਫਗਵਾੜਾ ਹਲਕਿਆਂ ਵਿਚ ਦਖ਼ਲਅੰਦਾਜ਼ੀ ਕਰਦੇ ਹੋਏ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਣਾ ਦੀਆਂ ਡਿਸਟਿਲਰੀਆਂ ’ਚੋਂ ਰੋਜ਼ਾਨਾ ਇਕ ਕਰੋੜ ਦੀ ਐਕਸਾਈਜ਼ ਡਿਊਟੀ ਦੀ ਚੋਰੀ ਹੁੰਦੀ ਹੈ। ਉਨ੍ਹਾਂ ਹਰਿਆਣਾ ਦੀ ਖੱਟਰ ਸਰਕਾਰ ਅਤੇ ਯੂਪੀ ਦੀ ਯੋਗੀ ਸਰਕਾਰ ਨਾਲ ਮਿਲ ਕੇ ਡਿਸਟਿਲਰੀਆਂ ਤੇ ਖੰਡ ਮਿੱਲਾਂ ਲਗਾਈਆਂ ਹਨ। ਭਾਜਪਾ ਨਾਲ ਮਿਲੇ ਹੋਣ ਕਾਰਨ ਕਾਂਗਰਸ ਹਾਈ ਕਮਾਂਡ ਨੂੰ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ’ਚੋਂ ਬਾਹਰ ਕੱਢਣਾ ਚਾਹੀਦਾ ਹੈ।
ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ, ਉਨ੍ਹਾਂ ਦੀ ਬੇਟੀ ਰਵਨੀਤ ਕੌਰ ਡੇਜ਼ੀ, ਯੁਵਰਾਜ ਭੁਪਿੰਦਰ ਸਿੰਘ ਤੇ ਸਾਥੀਆਂ ਨੇ ਦਿਆਲਪੁਰ, ਸੰਗਰਾਵਾਂ, ਢਿੱਲਵਾਂ ਆਦਿ ਵਿੱਚ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ। ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਰਾਣਾ, ਉਨ੍ਹਾਂ ਦੇ ਬੇਟੇ ਹਰਸਿਮਰਨ ਸਿੰਘ ਘੁੰਮਣ ਨੇ ਸਾਥੀਆਂ ਨਾਲ ਪੰਡੋਰੀ, ਭੁਲੱਥ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਸਯੁੰਕਤ ਸਮਾਜ ਮੋਰਚੇ ਦੇ ਸਰਬਜੀਤ ਸਿੰਘ ਲੁਬਾਣਾ, ਜੋ ਬੀਬੀ ਜਗੀਰ ਕੌਰ ਦਾ ਭਾਣਜਾ ਹੈ, ਨੇ ਵੀ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦਾ ਵੋਟਰਾਂ ਨਾਲ ਰਾਬਤਾ ਹੈ।