ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 2 ਜੂਨ
ਇਸ ਖੇਤਰ ਵਿੱਚ ਰਾਜਪੁਰਾ ਹੀ ਅਜਿਹਾ ਹਲਕਾ ਸੀ, ਜਿਸ ’ਤੇ ਅਕਾਲੀ-ਭਾਜਪਾ ਗੱਠਜੋੜ ਦੌਰਾਨ ਭਾਜਪਾ ਦਾ ਕਬਜ਼ਾ ਰਿਹਾ ਹੈ ਪਰ ਦੋਵੇਂ ਧਿਰਾਂ ਦਾ ਗੱਠਜੋੜ ਟੁੱਟਣ ਮਗਰੋਂ ਇਹ ਹਲਕਾ ਅਕਾਲੀ ਦਲ ਦੇ ਹਿੱਸੇ ਆ ਗਿਆ ਹੈ, ਜਿਸ ਤਹਿਤ ਇੱਥੋਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ।
ਇਸੇ ਕੜੀ ਤਹਿਤ 17 ਸਾਲਾਂ ਤੋਂ ਰਾਜਪੁਰਾ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਅਤੇ ਦਹਾਕਾ ਭਰ ਸਰਕਲ ਅਕਾਲੀ ਜਥਾ ਰਾਜਪੁਰਾ ਦੇ ਪ੍ਰਧਾਨ ਰਹੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਸਮੇਤ ਦੋ ਸਾਲ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੁਣ ਪੰਜ ਸਾਲਾਂ ਤੋਂ ਅਕਾਲੀ ਦਲ ਦੀ ਸਰਕਲ ਇਕਾਈ ਰਾਜਪੁਰਾ ਸ਼ਹਿਰੀ ਦੇ ਪ੍ਰਧਾਨ ਚਲੇ ਆ ਰਹੇ ਰਣਜੀਤ ਸਿੰਘ ਰਾਣਾ ਰਾਜਪੁਰਾ ਤੋਂ ਅਕਾਲੀ ਦਲ ਦੇ ਪ੍ਰਮੁੱਖ ਚਿਹਰੇ ਹਨ। ਉਨ੍ਹਾਂ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓਐੱਸਡੀ ਚਰਨਜੀਤ ਸਿੰਘ ਬਰਾੜ ਦੀ ਵੀ ਹਲਕਾ ਰਾਜਪੁਰਾ ’ਤੇ ਅੱਖ ਹੈ। 2004 ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚੱਲੇ ਆ ਰਹੇ ਸੁਰਜੀਤ ਸਿੰਘ ਗੜ੍ਹੀ ਨੇ ਰਾਜਪੁਰਾ ਤੋਂ ਹੀ ਸ਼੍ਰੋਮਣੀ ਕਮੇਟੀ ਦੀ ਪਿਛਲੀ ਚੋਣ ਪੱਚੀ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ। ਇਸ ਦੌਰਾਨ ਉਹ ਪੰਜਾਬ ਭਰ ’ਚੋਂ ਚੌਥੇ ਨੰਬਰ ’ਤੇ ਰਹੇ ਸਨ। ਦੂਜੇ ਪਾਸੇ ਚਰਨਜੀਤ ਬਰਾੜ ਦੀਆਂ ਸਰਗਰਮੀਆਂ ਮਗਰੋਂ ਗੜ੍ਹੀ ਤੇ ਰਾਣਾ ਉਮੀਦਵਾਰੀ ਦੇ ਇਸ ਬਾਹਰੀ ਦਾਅਵੇਦਾਰ ਖ਼ਿਲਾਫ਼ ਇਕਜੁੱਟ ਹੋ ਗਏ ਹਨ। ਉਨ੍ਹਾਂ ਇੱਥੇ ਸਾਂਝੀਆਂ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਾਹਰੀ ਉਮੀਦਵਾਰ ਦਾ ਖੁੱਲ੍ਹੇਆਮ ਵਿਰੋਧ ਕਰਦੇ ਹਨ। ਦੋਵਾਂ ਆਗੂਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੋਵਾਂ (ਗੜ੍ਹੀ ਤੇ ਰਾਣਾ) ’ਚੋਂ ਜਿਸ ਨੂੰ ਵੀ ਪਾਰਟੀ ਟਿਕਟ ਦੇਵੇਗੀ, ਉਹ ਉਸ ਦੀ ਮਦਦ ਲਈ ਪਾਬੰਦ ਹੋਣਗੇ। ਇਸੇ ਦੌਰਾਨ ਸੁਰਜੀਤ ਗੜ੍ਹੀ ਤੇ ਰਣਜੀਤ ਰਾਣਾ ਨੇ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਇਕਾਈਆਂ ਦਾ ਗਠਨ ਕਰਦਿਆਂ, ਇਕਾਈ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰਾਂ ਦੀਆਂ ਨਾਮਜ਼ਦਗੀਆਂ ਵੀ ਕੀਤੀਆਂ ਹਨ।