ਸਰੀ: ਇੱਥੇ ਵੱਸਦੇ ਦੱਖਣੀ ਏਸ਼ਿਆਈ ਭਾਈਚਾਰੇ ਨਾਲ ਸਬੰਧਤ ਕਾਰਕੁਨਾਂ ਨੇ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਮਨੁੱਖੀ ਹੱਕਾਂ ਲਈ ਜੂਝਣ ਵਾਲੀ ਤੀਸਤਾ ਸੀਤਲਵਾੜ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਆਨਲਾਈਨ ਮੈਗਜ਼ੀਨ ‘ਰੈਡੀਕਲ ਦੇਸੀ’ ਦੇ ਉੱਦਮ ਸਦਕਾ ਅੱਜ ਸਰੀ ਸਥਿਤ ਇੰਡੀਅਨ ਵੀਜ਼ਾ ਐਂਡ ਪਾਸਪੋਰਟ ਐਪਲੀਕੇਸ਼ਨ ਸੈਂਟਰ ਵਿੱਚ ਹੋਈ ਰੈਲੀ ਦੀ ਸ਼ੁਰੂਆਤ ਮੂਲਵਾਸੀ ਕਾਰਕੁਨ ਕੈਟ ਨੌਰਿਸ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਰੈਲੀ ਦੌਰਾਨ ਤੀਸਤਾ ਦੇ ਹੱਕ ’ਚ ਨਾਅਰੇ ਲਾਉਂਦਿਆਂ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੁਲੀਸ਼ਨ ਅਗੇਂਸਟ ਬਿਗਟਰੀ ਦੇ ਕੋ-ਫਾਊਂਡਰ ਤੇ ਗੁਜਰਾਤੀ ਪਿਛੋਕੜ ਵਾਲੇ ਇਮਤਿਆਜ਼ ਪੋਪਟ, ਸਿੱਖ ਕਾਰਕੁਨ ਬਰਜਿੰਦਰ ਸਿੰਘ, ਗਿਆਨ ਸਿੰਘ ਗਿੱਲ, ਕੇਸਰ ਸਿੰਘ ਬਾਗ਼ੀ ਤੇ ਉੱਘੇ ਵਿਦਵਾਨ ਪੂਰਨ ਸਿੰਘ ਗਿੱਲ, ਖੱਬੇ ਪੱਖੀ ਕਾਰਕੁਨ ਪਰਮਿੰਦਰ ਕੌਰ ਸਵੈਚ, ਉੱਘੇ ਸ਼ਾਇਰ ਅੰਮ੍ਰਿਤ ਦੀਵਾਨਾ, ਪੱਤਰਕਾਰ ਗੁਰਵਿੰਦਰ ਸਿੰਘ ਧਾਲੀਵਾਲ ਤੇ ਨਵਜੋਤ ਕੌਰ ਢਿੱਲੋਂ, ‘ਰੈਡੀਕਲ ਦੇਸੀ’ ਦੇ ਸਮਰਥਕ ਹਰਬੀਰ ਰਾਠੀ ਤੇ ‘ਰੈਡੀਕਲ ਦੇਸੀ’ ਦੇ ਕੋ-ਫਾਊਂਡਰ ਗੁਰਪ੍ਰੀਤ ਸਿੰਘ ਸ਼ਾਮਲ ਸਨ। -ਟਨਸ