ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਸਤੰਬਰ
ਰਾਜਿੰਦਰਾ ਹਸਪਤਾਲ, ਟੀਬੀ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦੇ ਚੌਥਾ ਦਰਜਾ, ਕੰਟਰੈਕਟ, ਆਊਟ ਸੋਰਸ ਤੇ ਡੇਲੀਵੇਜ ਮੁਲਾਜ਼ਮਾਂ ਦੀ ਹੜਤਾਲ 10ਵੇਂ ਦਿਨ ਵੀ ਜਾਰੀ ਰਹੀ। ਸਰਕਾਰ ਵੱਲੋਂ ਅਜੇ ਵੀ ਅੜੀਅਲ ਰਵੱਈਆ ਨਾ ਤਿਆਗਣ ਤੋਂ ਖਫ਼ਾ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਪਰ ਪੁਲੀਸ ਨੇ ਮੁਲਾਜ਼ਮਾਂ ਦੇ ਕਾਫ਼ਲੇ ਨੂੰ ਵਾਈਪੀਐੱਸ ਚੌਕ ’ਤੇ ਰੋਕ ਲਿਆ। ਪੁਲੀਸ ਵੱਲੋਂ ਰੋਕੇ ਜਾਣ ’ਤੇ ਮੁਲਾਜ਼ਮਾਂ ਨੇ ਇੱਥੇ ਹੀ ਸਰਕਾਰ ਖ਼ਿਲਾਫ਼ ਘੜੇ ਭੰਨ ਕੇ ਰੋਸ ਜਤਾਇਆ।
ਮੁਲਾਜ਼ਮ ਆਗੂ ਸਵਰਨ ਸਿੰਘ ਬੰਗਾ ਤੇ ਰਾਮ ਕਿਸ਼ਨ ਦੀ ਅਗਵਾਈ ਹੇਠ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਮੁਲਾਜ਼ਮ ਆਗੂ ਦਰਸ਼ਨ ਲੁਬਾਣਾ ਤੇ ਨਿਰਮਲ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੂੰ ਆਪਣਾ ਇਹ ਮੁਲਾਜ਼ਮ ਵਿਰੋਧੀ ਵਤੀਰਾ ਮਹਿੰਗਾ ਪਵੇਗਾ। ਇਸੇ ਤਰ੍ਹਾਂ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੌਲੱਖਾ, ਮਾਧੋ ਲਾਲ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਅਰੁਣ ਕੁਮਾਰ ਤੇ ਗੁਰਲਾਲ ਸਿੰਘ ਨੇ ਵੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਆਲੋਚਨਾ ਕੀਤੀ। ਆਗੂਆਂ ਦਾ ਕਹਿਣਾ ਸੀ ਕਿ ਲਿਖਤੀ ਵਾਅਦਾ ਕਰਕੇ ਵੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਸੈਂਕੜੇ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਜਦਕਿ ਉਹ ਕਰੋਨਾ ਦੌਰਾਨ ਵੀ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਡਿਊਟੀਆਂ ਨਿਭਾਉਂਦੇ ਰਹੇ ਹਨ।
ਸਵਰਨ ਸਿੰਘ ਬੰਗਾ ਨੇ ਕਿਹਾ ਕਿ ਹੜਤਾਲੀ ਮੁਲਾਜ਼ਮਾਂ ਨੇ ਰੋਸ ਵਜੋਂ ਇਸ ਵਾਰ ਐਮਰਜੈਂਸੀ ਡਿਊਟੀਆਂ ਦਾ ਵੀ ਬਾਈਕਾਟ ਕੀਤਾ ਹੋਇਆ ਹੈ। ਦਰਸ਼ਨ ਲੁਬਾਣਾ ਤੇ ਹੋਰਾਂ ਨੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਘੱਟੋ-ਘੱਟ ਉਜਰਤ ਵਿੱਚ ਵਾਧਾ ਕਰਨ ਅਤੇ ਕਰੋਨਾ ਯੋਧਿਆਂ ਦੀਆਂ ਤਨਖਾਹਾਂ ਵਧਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਰੱਖੀ। ਆਗੂਆਂ ਨੇ ਪੇਅ-ਕਮਿਸ਼ਨ ਦੀ ਰਿਪੋਰਟ ਵਿੱਚ ਸੋਧਾਂ ਕਰਨ, ਬਰਾਬਰ ਕੰਮ-ਬਰਾਬਰ ਤਨਖਾਹ ਦੇਣ ਸਮੇਤ ਹੋਰ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ।