ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਪਰੈਲ
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਡੇਢ ਦਹਾਕੇ ਤੋਂ ਕੰਟਰੈਕਟ ਆਧਾਰ ’ਤੇ ਕੰਮ ਕਰਦੇ ਆ ਰਹੇ ਕਰਮਚਾਰੀਆਂ ਦੀ ਕੰਮ ਛੋੜ ਹੜਤਾਲ ਅੱਜ 22ਵੇਂ ਦਿਨ ਵੀ ਜਾਰੀ ਰਹੀ।ਉਹ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਹੜਤਾਲੀ ਮੁਲਾਜ਼ਮਾਂ ਦੀ ਅਗਵਾਈ ਕਰਦਿਆਂ ‘ਇੰਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ’ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਅਤੇ ਹੋਰਾਂ ਦਾ ਕਹਿਣਾ ਸੀ ਕਿ ਸਰਕਾਰ ਮੁਲਾਜ਼ਮਾਂ ਦਵਰ੍ਹਿਆਂ ਤੋਂ ਵਿੱਤੀ ਸ਼ੋਸ਼ਣ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ 2019 ਵਿਚ ਸਰਕਾਰ ਨੇ ਰਾਜਿੰਦਰਾ ਹਸਪਤਾਲ ਦੇ ਸਮੂਹ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ ਪਰ ਬਾਅਦ ਵਿੱਚ ਇਕੱਲੇ ਨਰਸਿੰਗ ਕੇਡਰ ਨੂੰ ਹੀ ਰੈਗੂਲਰ ਕੀਤਾ ਗਿਆ। ਜਦਕਿ ਦਰਜਾ ਚਾਰ ਅਤੇ ਐਨਸਿਲਰੀ ਸਟਾਫ ਅਜੇ ਵੀ ਕੰਟਰੈਕਟ ਆਧਾਰ ’ਤੇ ਨਿਗੂਣੀਆਂ ਤਨਖਾਹਾਂ ਨਾਲ਼ ਹੀ ਬੁੱਤਾ ਸਾਰ ਰਿਹਾ ਹੈ। ਪ੍ਰਧਾਨ ਸਵਰਨ ਸਿੰਘ ਬੰਗਾ ਅਤੇ ਰਾਮ ਕਿਸ਼ਨ ਸਮੇਤ ਹੋਰ ਆਗੂਆਂ ਨੇ ਮੰਗ ਕੀਤੀ ਕਿ ਕੰਟਰੈਕਟ ਆਧਾਰਤ ਕਰਮਚਾਰੀਆਂ ਨੂੰ ਸਰਕਾਰ ਤੁਰੰਤ ਰੈਗੂਲਰ ਕਰੇ। ਉਨ੍ਹਾਂ ਕਿਹਾ ਕਿ ਮੰਗਾਂ ਦਾ ਨਿਪਟਾਰਾ ਨਾ ਹੁੰਦਾ ਵੇਖਦਿਆਂ ਹੀ ਅੱਜ ਦਰਜਾ ਤਿੰਨ-ਚਾਰ ਅਤੇ ਟੈਕਨੀਕਲ ਕਰਮਚਾਰੀ ਵੀ ਇਸ ਹੜਤਾਲ ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਨੂੰ ਰੋਸ ਵਜੋਂ ਰਾਜਿੰਦਰਾ ਹਸਪਤਾਲ ਤੋਂ ਫੁਆਰਾ ਚੌਂਕ ਤੱਕ ਝਾੜੂ ਮਾਰਚ ਵੀ ਕੀਤਾ। ਇਸ ਮੌਕੇ ਰਾਮ ਲਾਲ ਰਾਮਾ ਸ਼ਹਿਰੀ ਪ੍ਰਧਾਨ, ਅਸ਼ੋਕ ਕੁਮਾਰ ਬਿੱਟੂ ਪ੍ਰਧਾਨ ਰਾਜਪੁਰਾ, ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ,ਕਿਸ਼ੋਰ ਟੋਨੀ, ਨਰੇਸ਼ ਕੁਮਾਰ ਗਾਟ,ਸੁਰਿੰਦਰਪਾਲ ਦੁੱਗਲ, ਬਲਜਿੰਦਰ ਸਿੰਘ,ਅਮਨ ਕੁਮਾਰ,ਅਜੈ ਕੁਮਾਰ ਸੀਪਾ ਵੀ ਹਾਜ਼ਰ ਸਨ।