ਜਸਵੰਤ ਜੱਸ
ਫਰੀਦਕੋਟ, 6 ਦਸੰਬਰ
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਜੋ ਵਕਾਲਤ ਦੀ ਮਾਸਟਰ ਡਿਗਰੀ ਪਾਸ ਹੈ, ਨੇ ਵਕਾਲਤ ਵਿੱਚ ਆਪਣਾ ਭਵਿੱਖ ਖੋਜਣ ਦੀ ਥਾਂ ਕਿਸਾਨੀ ਹਿੱਤਾਂ ਲਈ ਲੜਨ ਨੂੰ ਪਹਿਲ ਦਿੱਤੀ ਹੈ। ਪੰਦਰਾਂ ਏਕੜ ਜ਼ਮੀਨ ਤੇ ਜ਼ਿੰਦਗੀ ਦੇ ਸਾਰੇ ਸੁੱਖ ਸਾਧਨ ਹੋਣ ਦੇ ਬਾਵਜੂਦ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਪਿਛਲੇ 17 ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਸੰਘਰਸ਼ਾਂ ਦੀ ਅਗਵਾਈ ਕਰ ਰਿਹਾ ਹੈ। ਇਸ ਸਮੇਂ ਰਾਜਿੰਦਰ ਸਿੰਘ ਆਪਣੇ ਨਾਬਾਲਗ ਪੁੱਤ ਤੇ ਪਤਨੀ ਸਮੇਤ 26 ਨਵੰਬਰ ਤੋਂ ਦਿੱਲੀ ਧਰਨੇ ਵਿੱਚ ਸ਼ਾਮਲ ਹੈ। ਉਸ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਵਾਪਸੀ ਦੀ ਇੱਕੋ ਸ਼ਰਤ ਹੈ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ। ਰਾਜਿੰਦਰ ਸਿੰਘ ਨੇ ਖ਼ਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਾ ਚਾਹੁੰਦੀ ਅਤੇ ਵਾਰ ਵਾਰ ਮੀਟਿੰਗਾਂ ਕਰਕੇ ਕਿਸਾਨਾਂ ਦੀ ਸ਼ਕਤੀ ਦਾ ਅੰਦਾਜ਼ਾ ਲਗਾ ਰਹੀ ਹੈ।
ਕਿਸਾਨਾਂ ਦੀਆਂ ਕੇਂਦਰ ਸਰਕਾਰ ਨਾਲ ਜਿਹੜੀਆਂ ਮੀਟਿੰਗਾਂ ਵਿੱਚ ਰਾਜਿੰਦਰ ਸਿੰਘ ਸ਼ਾਮਲ ਹੋਏ ਹਨ, ਉਨ੍ਹਾਂ ਵਿੱਚ ਉਸ ਨੇ ਆਪਣੀਆਂ ਦਲੀਲਾਂ ਦਾ ਲੋਹਾ ਮਨਵਾਇਆ ਹੈ। ਲੋਕ ਸੰਘਰਸ਼ ਦੌਰਾਨ ਰਾਜਿੰਦਰ ਸਿੰਘ ਖ਼ਿਲਾਫ਼ ਪੰਜਾਬ ਭਰ ਵਿਚ ਇੱਕ ਦਰਜਨ ਤੋਂ ਵੱਧ ਫ਼ੌਜਦਾਰੀ ਮੁਕੱਦਮੇ ਦਰਜ ਹਨ। ਵਿਦਿਆਰਥੀ ਆਗੂ ਤੋਂ ਕਿਸਾਨ ਆਗੂ ਬਣੇ ਰਾਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਨੌਜਵਾਨਾਂ ਨੂੰ ਅਗਾਂਹਵਧੂ ਸਾਹਿਤ ਪੜ੍ਹਨਾ ਚਾਹੀਦਾ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਉੱਚ ਅਧਿਕਾਰੀ ਇਸ ਗੱਲ ਤੋਂ ਬੇਹੱਦ ਹੈਰਾਨ ਹਨ ਕਿ ਪੰਜਾਬ ਦੇ ਨੌਜਵਾਨ ਕਿਸਾਨ ਆਗੂ ਵੀ ਇੰਨੇ ਵੱਡੇ ਪੱਧਰ ’ਤੇ ਪੜ੍ਹ-ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ ਦਾ ਪਿੰਡ ਵੀ ਦੀਪ ਸਿੰਘ ਵਾਲਾ ਹੈ ਅਤੇ ਉਸ ਦਾ ਖੂਨ ਵੀ ਦੀਪ ਸਿੰਘ ਵਾਲਾ ਹੀ ਹੈ। ਪਿੰਡ ਦੀਪ ਸਿੰਘ ਵਾਲਾ ਦੇ ਨੌਜਵਾਨ ਤੇ ਕਿਸਾਨ ਆਗੂ ਨੌਨਿਹਾਲ ਸਿੰਘ ਨੇ ਕਿਹਾ ਕਿ ਰਾਜਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸੇ ਵੇਲੇ ਘਰ ਵਿੱਚ ਸਿਰਫ਼ ਉਸ ਦੀ ਮਾਂ ਤੇ ਭੈਣ ਹਨ। ਪਿਛਲੇ ਦੋ ਮਹੀਨਿਆਂ ਤੋਂ ਰਾਜਿੰਦਰ ਸਿੰਘ ਆਪਣੇ ਘਰੇ ਨਹੀਂ ਆਇਆ ਅਤੇ ਕਿਸਾਨ ਸੰਘਰਸ਼ ਨੂੰ ਸਫ਼ਲ ਬਣਾਉਣ ਵਿੱਚ ਰੁੱਝਿਆ ਹੋਇਆ ਹੈ।