ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਕਤੂਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਵੇਰੇ ਹੀ ਪਟਿਆਲਾ ਦੇ ਬੱਸ ਅੱਡੇ ਅਤੇ ਪੀਆਰਟੀਸੀ ਦੇ ਪਟਿਆਲਾ ਡਿੱਪੂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਡਰਾਈਵਰਾਂ ਤੇ ਕੰਡਕਟਰਾਂ ਦੀਆਂ ਸਮੱਸਿਆਵਾਂ ਸੁਣੀਆਂ, ਬੱਸ ਅੱਡੇ ’ਤੇ ਆਮ ਸਵਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਸਰਕਾਰੀ ਬੱਸਾਂ ’ਚ ਸਫ਼ਰ ਸਹੂਲਤ ਸਬੰਧੀ ਫੀਡਬੈਕ ਵੀ ਲਈ। ਉਨ੍ਹਾਂ ਸਰਕਾਰੀ ਬੱਸ ਅੱਡਿਆਂ ’ਚ ਖਾਣ-ਪੀਣ ਦੀਆਂ ਵਸਤਾਂ ਦੇ ਵੱਧ ਰੇਟ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਤਹਿਤ ਅਧਿਕਾਰੀਆਂ ਨੂੰ ਨਿਰੀਖਣ ਕਰਨ ਦੀ ਹਦਾਇਤ ਕੀਤੀ। ਰਾਜਾ ਵੜਿੰਗ ਨੇ ਬੱਸ ਅੱਡੇ ਵਿਚ ਸਫਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।
ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ਼ ਪਨਬਸ ਦੇ ਬੇੜੇ ’ਚ 587 ਅਤੇ ਪੀਆਰਟੀਸੀ ਦੇ ਬੇੜੇ ’ਚ 255 ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਠੇਕੇ ’ਤੇ ਕੰਮ ਕਰਦੇ ਡਰਾਈਵਰਾਂ ਤੇ ਕੰਡਕਟਰਾਂ ਦੀਆਂ ਤਨਖਾਹਾਂ ’ਚ 30 ਫ਼ੀਸਦੀ ਇਜ਼ਾਫ਼ੇ ਸਮੇਤ 5 ਫ਼ੀਸਦੀ ਸਾਲਾਨਾ ਤਰੱਕੀ ਵੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਪੱਕਾ ਕਰਨ ਦਾ ਕੇਸ ਵੀ ਵਿਚਾਰਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਰਾਜ ਅੰਦਰ ਬਿਨਾਂ ਪਰਮਿਟ ਤੇ ਨਾਜਾਇਜ਼ ਬੱਸਾਂ ’ਤੇ ਲਗਾਮ ਕਸਣ ਨਾਲ ਸਰਕਾਰੀ ਬੱਸਾਂ ਦੀ ਬੁਕਿੰਗ ’ਚ ਵਾਧਾ ਹੋਇਆ ਹੈ ਅਤੇ ਪੀਆਰਟੀਸੀ ਦੀ ਰੋਜ਼ਾਨਾ ਆਮਦਨ 1.70 ਕਰੋੜ ਤੋਂ ਵੱਧ ਕੇ 1.87 ਕਰੋੜ ਹੋ ਗਈ ਹੈ। ਉਨ੍ਹਾਂ ਬੱਸ ਮਾਫ਼ੀਆ ਦਾ ਖਾਤਮਾ ਕੀਤੇ ਜਾਣ ਦੀ ਗੱਲ ਵੀ ਆਖੀ ਜਿਸ ਲਈ ਆਰਟੀਏਜ਼ ਦੇ ਅਧਿਕਾਰ ਵਧਾਏ ਗਏ ਹਨ। ਰਾਜਾ ਵੜਿੰਗ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਤੱਕ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਪਹੁੰਚ ਬਣਾਉਣ ਲਈ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ ਤੇ ਉਹ ਜਲਦੀ ਹੀ ਸ੍ਰੀ ਕੇਜਰੀਵਾਲ ਨੂੰ ਮਿਲ ਕੇ ਵੀ ਇਹ ਮਾਮਲਾ ਹੱਲ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ, ਪੀਆਰਟੀਸੀ ਦੇ ਏਐੱਮਡੀ ਨਿਤੇਸ਼ ਸਿੰਗਲਾ, ਪਟਿਆਲਾ ਡਿੱਪੂ ਦੇ ਜੀਐੱਮ ਇੰਜ. ਜਤਿੰਦਰ ਪਾਲ ਸਿੰਘ ਗਰੇਵਾਲ, ਜੀਐੱਮ (ਪ੍ਰਸ਼ਾਸਕੀ) ਸੁਰਿੰਦਰ ਸਿੰਘ ਤੇ ਚੰਡੀਗੜ੍ਹ ਡਿੱਪੂ ਦੇ ਜੀਐੱਮ ਮਨਿੰਦਰ ਸਿੱਧੂ ਵੀ ਮੌਜੂਦ ਸਨ।