ਖੇਤਰੀ ਪ੍ਰਤੀਨਿਧ
ਪਟਿਆਲਾ, 16 ਸਤਬੰਰ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਪਟਿਆਲਾ ਜੇਲ੍ਹ ’ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ਼ ਮੁਲਾਕਾਤ ਕੀਤੀ। ਇਸ ਸਬੰਧੀ ਅਧਿਕਾਰਤ ਤੌਰ ’ਤੇ ਵੜਿੰਗ ਜਾਂ ਕਿਸੇ ਹੋਰ ਕਾਂਗਰਸੀ ਆਗੂ ਨੇ ਕੁਝ ਨਹੀਂ ਕਿਹਾ। ਸੂਤਰਾਂ ਮੁਤਾਬਕ ਅੱਜ ਸ੍ਰੀ ਵੜਿੰਗ ਨੇ ਸ੍ਰੀ ਆਸ਼ੂ ਨਾਲ ਕਰੀਬ ਸਵਾ ਘੰਟਾ ਮੁਲਾਕਾਤ ਕੀਤੀ। ਜਦਕਿ ਇਸੇ ਜੇਲ੍ਹ ’ਚ ਬੰਦ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਨੂੰ ਉਹ ਕੇਵਲ ਦਸ ਕੁ ਮਿੰਟ ਹੀ ਮਿਲੇ। ਅੱਜ ਰਾਜਾ ਵੜਿੰਗ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਲਈ ਜੇਲ੍ਹ ਵਿਚਲੀ ਡਿਊਢੀ ’ਚ ਗਏ, ਤਾਂ ਉਥੇ ਨਵਜੋਤ ਸਿੱਧੂ ਦੀ ਪਹਿਲਾਂ ਹੀ ਉਨ੍ਹਾਂ ਦੇ ਕਿਸੇ ਜਾਣਕਾਰ ਨਾਲ਼ ਮੁਲਾਕਾਤ ਚੱਲ ਰਹੀ ਸੀ। ਜਿਸ ਕਾਰਨ ਰਾਜਾ ਵੜਿੰਗ ਨੇ 5 ਤੋਂ 10 ਮਿੰਟਾਂ ਤੱਕ ਨਵਜੋਤ ਸਿੱਧੂ ਦੇ ਨਾਲ ਵੀ ਮੁਲਾਕਾਤ ਕੀਤੀ ਦੱਸੀ ਜਾ ਰਹੀ ਹੈ। ਪਰ ਇਸ ਮਗਰੋਂ ਨਵਜੋਤ ਸਿੱਧੂ ਆਪਣੀ ਬੈਰਕ ’ਚ ਚਲੇ ਗਏ ਅਤੇ ਮਿਲੇ ਸੁਨੇਹੇ ਤਹਿਤ ਭਾਰਤ ਭੂਸ਼ਣ ਆਸ਼ੂ ਮੁਲਾਕਾਤ ਲਈ ਜੇਲ੍ਹ ਵਿਚਲੀ ਡਿਊਢੀ ਵਿਚ ਪੁੱਜ ਗਏ, ਜਿਸ ਦੌਰਾਨ ਵੜਿੰਗ ਅਤੇ ਆਸ਼ੂ ਦਰਮਿਆਨ ਕਰੀਬ ਸਵਾ ਘੰਟਾ ਗੱਲਬਾਤ ਹੋਈ। ਸਿੱਧੂ ਨਾਲ ਦਸ ਮਿੰਟ ਗੱਲ ਹੋਣ ਪਿੱਛੇ ਜੇਲ੍ਹ ਨਿਯਮਾਂ ਦਾ ਵੀ ਕੋਈ ਕਾਰਨ ਹੋ ਸਕਦਾ ਹੈ, ਪਰ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਤਾਂ ਪੁਸ਼ਟੀ ਨਹੀਂ ਹੋ ਸਕੀ।