ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਨਵੰਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਦੇ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ ‘ਤੇ ਪ੍ਰਾਈਵੇਟ ਬੱਸ ਅਪਰੇਟਰ ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਪਰਦਾਫਾਸ਼ ਕੀਤਾ| ਉਨ੍ਹਾਂ ਜਿਥੇ ਪ੍ਰਾਈਵੇਟ ਬੱਸ ਨੂੰ ਜ਼ਬਤ ਕਰਵਾਇਆ, ਉਥੇ ਹੀ ਪ੍ਰਾਈਵੇਟ ਬੱਸ ਅਪਰੇਟਰ ਦੇ ਕਰਿੰਦਿਆਂ ਨੂੰ ਵੀ ਪੁਲੀਸ ਹਵਾਲੇ ਕੀਤਾ। ਜਾਣਕਾਰੀ ਮੁਤਾਬਿਕ ਬੱਸ ਅੱਡੇ ’ਤੇ ਪ੍ਰਾਈਵੇਟ ਜੁਝਾਰ ਟਰਾਂਸਪੋਰਟ ਕੰਪਨੀ ਦੇ ਕਰਿੰਦਿਆਂ ਨੇ ਸਰਕਾਰੀ ਵਾਲਵੋ ਬੱਸ ਨੂੰ ਧੱਕੇ ਨਾਲ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ| ਇਸ ਮਗਰੋਂ ਸਰਕਾਰੀ ਬੱਸ ਦੇ ਡਰਾਈਵਰ ਨੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਫੋਨ ਕਰ ਦਿੱਤਾ, ਜਿਸ ਮਗਰੋਂ ਰਾਜਾ ਵੜਿੰਗ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਪੁਲੀਸ ਸੱਦ ਕੇ ਪ੍ਰਾਈਵੇਟ ਕੰਪਨੀ ਦੇ ਕਰਿੰਦਿਆਂ ਨੂੰ ਪੁਲੀਸ ਹਵਾਲੇ ਕੀਤਾ ਅਤੇ ਕੰਪਨੀ ਦੀ ਬੱਸ ਜ਼ਬਤ ਕਰਵਾਈ| ਰਾਜਾ ਵੜਿੰਗ ਨੇ ਦੱਸਿਆ ਕਿ ਪਨਬੱਸ ਡਿੱਪੂ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੰਡੀਗੜ੍ਹ ਤੋਂ ਗੰਗਾਨਗਰ ਵਾਇਆ ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਦੋ ਵਾਲਵੋ ਸੁਪਰ ਇੰਟੈਰਗਲ ਬੱਸਾਂ ਚਲਾਈਆਂ ਜਾ ਰਹੀਆਂ ਹਨ| ਇਨ੍ਹਾਂ ਵਿੱਚੋਂ ਇਕ ਬੱਸ ਨੂੰ ਡਰਾਈਵਰ ਅਵਤਾਰ ਸਿੰਘ ਚਲਾ ਰਿਹਾ ਸੀ, ਜਦੋਂ ਸੈਕਟਰ-43 ਬੱਸ ਸਟੈਂਡ ਵਿੱਚੋਂ ਬੱਸ ਆਪਣੇ ਬਣਦੇ ਟਾਈਮ ਦੁਪਹਿਰੇ 02:05 ਵਜੇ ਵਾਪਸੀ ਰੂਟ ਲੁਧਿਆਣਾ-ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਣ ਲੱਗੀ ਤਾਂ ਜੁਝਾਰ ਟਰਾਂਸਪੋਰਟ ਕੰਪਨੀ ਦੇ ਅੱਡਾ ਇੰਚਾਰਜ ਮਨਜੀਤ ਸਿੰਘ ਤੇ ਠੇਕੇਦਾਰ ਰਾਜਵੀਰ ਸਿੰਘ ਨੇ ਗੁੰਡਾਗਰਦੀ ਕਰਦੇ ਹੋਏ ਬੱਸ ਰਵਾਨਾ ਹੋਣ ਤੋਂ ਰੋਕ ਦਿੱਤਾ ਤੇ ਸਵਾਰੀਆਂ ਨੂੰ ਉਤਾਰ ਦਿੱਤਾ|