ਲਖਵੀਰ ਸਿੰਘ ਚੀਮਾ
ਟੱਲੇਵਾਲ, 21 ਮਾਰਚ
ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਨਾਲ ਪਿੰਡ ਰਾਏਸਰ ਦੇ ਲੋਕਾਂ ਨੂੰ ਸੂਬੇ ਭਰ ਵਿੱਚ ਕੰਮੀਆਂ ਦੇ ਹੱਕ ਮਿਲਣ ਦੀ ਆਸ ਬੱਝੀ ਹੈ। ਰਾਏਸਰ ਲੋਕ ਕਵੀ ਸੰਤ ਰਾਮ ਉਦਾਸੀ ਦਾ ਪਿੰਡ ਹੈ ਅਤੇ ਭਗਵੰਤ ਮਾਨ ਦੀ ਉਦਾਸੀ ਨਾਲ ਵੱਡੀ ਸਾਂਝ ਹੈ।
ਸੰਘਰਸ਼ੀ ਜੀਵਨ ਤੋਂ ਲੈ ਕੇ ਚੋਣ ਰੈਲੀਆਂ ਤੱਕ ਸੰਸਦ ਮੈਂਬਰ ਤੇ ਮੁੱਖ ਮੰਤਰੀ ਬਣਨ ਤੱਕ ਭਗਵੰਤ ਮਾਨ ਹਮੇਸ਼ਾ ਸੰਤ ਰਾਮ ਉਦਾਸੀ ਦੀ ਮਕਬੂਲ ਕਵਿਤਾ ‘ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਗਾਉਂਦਾ ਰਿਹਾ ਹੈ। ਮੁੱਖ ਮੰਤਰੀ ਬਣਨ ਤੋਂ ਕੁਝ ਦਿਨ ਪਹਿਲਾਂ ਵੀ ਉਸ ਨੇ ਆਪਣੇ ਸਾਥੀ ਕਲਾਕਾਰ ਕਰਮਜੀਤ ਅਨਮੋਲ ਨਾਲ ਇਹ ਕਵਿਤਾ ਗਾਈ ਸੀ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਨਾਲ ਸੰਤ ਰਾਮ ਉਦਾਸੀ ਸਮੇਤ ਰਾਏਸਰ ਪਿੰਡ ਦੇ ਲੋਕਾਂ ਨੂੰ ਪੰਜਾਬ ਦੇ ਭਲੇ ਦੀ ਉਮੀਦ ਜਾਗੀ ਹੈ। ਸੰਤ ਰਾਮ ਉਦਾਸੀ ਦੀ ਪਤਨੀ ਨਸੀਬ ਕੌਰ ਨੇ ਕਿਹਾ ਕਿ ਉਸ ਦੇ ਵੱਡੇ ਪੁੱਤ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਬਹੁਤ ਖੁਸ਼ੀ ਹੈ ਅਤੇ ਉਸ ਨੂੰ ਉਮੀਦ ਹੈ ਕਿ ਹੁਣ ਲੋਕਾਂ ਦੀ ਸੁਣਵਾਈ ਹੋਵੇਗੀ ਤੇ ਸਮਾਜ ਵਿੱਚ ਸੁਧਾਰ ਹੋਵੇਗਾ। ਉਦਾਸੀ ਦੇ ਪੁੱਤ ਮੋਹਕਮ ਉਦਾਸੀ ਨੇ ਕਿਹਾ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੇ ਸੁਨਹਿਰੇ ਦਿਨ ਆਉਣ ਦੀ ਆਸ ਬੱਝੀ ਹੈ। ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਜਗਮੋਹਣ ਸ਼ਾਹ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਇਨਕਲਾਬੀ ਧਰਤੀ ਨੂੰ ਨਮਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਪੰਜਾਬ ਨੂੰ ਮੁੜ ਰੰਗਲਾ ਬਣਾ ਦਿੰਦੇ ਹਨ ਤਾਂ ਇਹੀ ਸੰਤ ਰਾਮ ਉਦਾਸੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰ ਪੰਜਾਬੀ ਸਾਹਿਤਕਾਰਾਂ ਵਾਂਗ ਲੋਕ ਕਵੀ ਉਦਾਸੀ ਨੂੰ ਵੀ ਬਣਦਾ ਸਰਕਾਰੀ ਸਨਮਾਨ ਜ਼ਰੂਰ ਦੇਣ ਅਤੇ ਉਨ੍ਹਾਂ ਦੇ ਬੇਰੁਜ਼ਗਾਰ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਰਾਏਸਰ ਪਟਿਆਲਾ ਦੇ ਸਰਪੰਚ ਗੁਰਬਾਜ਼ ਸਿੰਘ ਅਤੇ ਰਾਏਸਰ ਨਾਭਾ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸੰਤ ਰਾਮ ਉਦਾਸੀ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ, ਜਦਕਿ 2011 ਵਿੱਚ ਉਨ੍ਹਾਂ ਦੀ ਯਾਦ ਵਿੱਚ ਅਕਾਲੀ ਆਗੂਆਂ ਨੇ ਲਾਇਬ੍ਰੇਰੀ ਬਣਾਉਣ ਦਾ ਨੀਂਹ ਪੱਥਰ ਜ਼ਰੂਰ ਰੱਖਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਰਾਏਸਰ ਆਉਂਦੇ ਹਨ ਤਾਂ ਉਹ ਪੰਚਾਇਤਾਂ ਵੱਲੋਂ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਲਾਇਬ੍ਰੇਰੀ ਅਤੇ ਹਸਪਤਾਲ ਬਣਾਉਣ ਦੀ ਮੰਗ ਰੱਖਣਗੇ।