ਜਗਮੋਹਨ ਸਿੰਘ
ਰੂਪਨਗਰ, 25 ਸਤੰਬਰ
ਕੁਰਾਲੀ ਸ਼ਹਿਰ ਦੇ ਬਰਸਾਤੀ ਪਾਣੀ ਨੇ ਝੋਨੇ ਦੀ ਖੇਤੀ ਕਰਨ ਵਾਲੇ ਰੂਪਨਗਰ ਜ਼ਿਲ੍ਹੇ ਦੇ ਲਗਭਗ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੂੰ ਬਰਸਾਤੀ ਪਾਣੀ ਦਿਖਾਉਂਦਿਆਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਰੂਪਨਗਰ ਪ੍ਰਧਾਨ ਰੇਸ਼ਮ ਸਿੰਘ ਬਹਿਡਾਲੀ ਨੇ ਰੋਸ ਪ੍ਰਗਟਾਇਆ ਕਿ ਕੁਰਾਲੀ ਸ਼ਹਿਰ ਤੋਂ ਆ ਰਹੇ ਪਾਣੀ ਕਾਰਨ ਰੂਪਨਗਰ ਦੇ ਅੱਧੀ ਦਰਜਨ ਪਿੰਡਾਂ ਦੀਆਂ ਫਸਲਾਂ ਹਰ ਸਾਲ ਬਰਬਾਦ ਹੋ ਜਾਂਦੀਆਂ ਹਨ ਪਰ ਕਿਸਾਨਾਂ ਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ। ਪ੍ਰਧਾਨ ਕਾਦੀਆਂ ਨੇ ਦੋਸ਼ ਲਗਾਇਆ ਕਿ ਉਹ ਦੋਵੇਂ ਜ਼ਿਲ੍ਹਿਆਂ ਦੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਕੋਲ ਗੇੜੇ ਮਾਰ ਮਾਰ ਥੱਕ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕੁਰਾਲੀ ਸ਼ਹਿਰ ਦਾ ਭਾਰੀ ਮਾਤਰਾ ਵਿੱਚ ਪਾਣੀ ਪੱਕੀ ਹੋਈ ਫ਼ਸਲ ਵਿੱਚ ਘੁੰਮਣ ਲੱਗ ਪਿਆ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਇਸ ਪਾਣੀ ਨਾਲ ਪੱਕੀ ਫ਼ਸਲ ਬਰਬਾਦ ਹੋ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕੁਰਾਲੀ ਸ਼ਹਿਰ ਦੇ ਪਾਣੀ ਨੂੰ ਬਾਈਪਾਸ ਦੇ ਪਰਲੇ ਪਾਸੇ ਪੈਂਦੀ ਸਿਸਵਾਂ ਨਦੀ ਵਿੱਚ ਪਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਕੌਮੀ ਮਾਰਗ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।