ਰਾਮ ਸ਼ਰਨ ਸੂਦ
ਅਮਲੋਹ, 30 ਜੁਲਾਈ
ਸਥਾਨਕ ਸ਼ਹਿਰ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਤਰਸਯੋਗ ਹਾਲਤ ਹੋਣ ਕਾਰਨ ਸ਼ਹਿਰੀਆਂ ਨੂੰ ਸੰਤਾਪ ਭੋਗਣਾ ਪੈ ਰਿਹਾ ਹੈ। ਸ਼ਹਿਰ ਵਿਚ ਥਾਂ-ਥਾਂ ਸੀਵਰੇਜ ਬੰਦ ਹੋਣ ਕਾਰਨ ਮੀਂਹ ਦੇ ਪਾਣੀ ਨਾਲ ਸ਼ਹਿਰ ਦੇ ਬਾਜ਼ਾਰਾਂ, ਬੁੱਗਾ ਚੌਕ, ਸਿਵਲ ਹਸਤਪਾਲ ਨਜ਼ਦੀਕ ਅਤੇ ਮੁਹੱਲਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸ਼ਹਿਰ ਵਿਚ ਪਾਇਆ ਸੀਵਰੇਜ ਪਾਇਆ ਬਲਾਕ ਹੋਣ ਕਾਰਨ ਲੋਕ ਸਮੱਸਿਆਂ ਨਾਲ ਜੂਝ ਰਹੇ ਹਨ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਕੌਂਸਲ ਵੱਲੋਂ ਖਰੀਦੀ ਕੈਬੀ ਮਸ਼ੀਨ ਵੀ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੌਂਸਲ ਉੱਪਰ ਕਾਂਗਰਸ ਦਾ ਕਬਜ਼ਾ ਸੀ ਪਰ ਸਾਲਾਂ ਦੌਰਾਨ ਕੁੱਝ ਵੀ ਨਹੀਂ ਕੀਤਾ ਗਿਆ ਅਤੇ ਹੁਣ ਸਰਕਾਰ ਬਦਲਣ ਦੇ ਬਾਵਜੂਦ ਮਸਲਾ ਜਿਉਂ ਦਾ ਤਿਉਂ ਹੈ। ਦੁਕਾਨਦਾਰਾਂ ਅਤੇ ਪਤਵੰਤਿਆਂ ਵੱਲੋਂ ਐਸ.ਡੀ.ਐਮ ਅਮਲੋਹ ਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਦੇਣ ਮਗਰੋਂ ਸਮੱਸਿਆ ਹੱਲ ਨਹੀਂ। ਉਨ੍ਹਾਂ ਕੌਂਸਲ ਅਤੇ ਸਰਕਾਰ ਤੋਂ ਸੀਵਰੇਜ ਦੀ ਸਫ਼ਾਈ ਦੀ ਮੰਗ ਕੀਤੀ। ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਬਲਾਕੇਜ਼ ਖੋਲ੍ਹਣ ਲਈ ਮੁਹਿੰਮ ਚੱਲ ਰਹੀ ਹੈ ਅਤੇ ਪਾਣੀ ਦੀ ਨਿਕਾਸੀ ਲਈ ਇੰਜਣ ਦੀ ਵੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਮੱਸਿਆ ਹੱਲ ਕਰ ਲਈ ਜਾਵੇਗੀ।