ਇਕਬਾਲ ਸਿੰਘ ਸ਼ਾਂਤ
ਲੰਬੀ, 18 ਜੁਲਾਈ
ਵਰ੍ਹਿਆਂ ਤੋਂ ਸੇਮ ਦੀ ਮਾਰ ਝੱਲ ਰਹੇ ਲੰਬੀ ਹਲਕੇ ’ਤੇ ਮੌਨਸੂਨ ਦਾ ਪਹਿਲਾ ਮੀਂਹ ਕਹਿਰ ਬਣ ਕੇ ਵਰ੍ਹਿਆ। ਹਲਕੇ ਦੇ ਪਿੰਡਾਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ, ਜਦਕਿ ਸਲ੍ਹਾਬੇ ਕਾਰਨ ਕਈ ਮਕਾਨਾਂ ਦੇ ਡਿੱਗਣ ਦਾ ਡਰ ਬਣਿਆ ਹੋਇਆ ਹੈ। ਮਾਲ ਅਤੇ ਖੇਤੀ ਵਿਭਾਗ ਦੇ ਸੂਤਰਾਂ ਦੇ ਦਸਤਾਵੇਜ਼ੀ ਅੰਕੜਿਆਂ ਮੁਤਾਬਕ ਹਲਕੇ ਦਾ ਕਰੀਬ 41 ਹਜ਼ਾਰ ਏਕੜ ਰਕਬਾ ਮੀਂਹ ਦੇ ਪਾਣੀ ਦੀ ਮਾਰ ਹੇਠਾਂ ਹੈ। ਮਲੋਟ ਮਾਲ ਖੇਤਰ ਅਧੀਨ 1,45,851 ਰਕਬੇ ਵਿੱਚੋਂ ਮੁੱਢਲੇ ਸਰਕਾਰੀ ਸਰਵੇ ਮੁਤਾਬਕ 66,070 ਏਕੜ ਰਕਬਾ ਖ਼ਰਾਬੇ ਦੇ ਅਧੀਨ ਹੈ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਲਕੇ ਦੀ ਸਰਾਵਾਂ ਜ਼ੈਲ ਦੇ ਪਿੰਡਾਂ ਵਿੱਚ ਕਰੀਬ 34 ਹਜ਼ਾਰ ਏਕੜ ਰਕਬੇ ਵਿੱਚ 80 ਤੋਂ 100 ਫ਼ੀਸਦੀ ਫ਼ਸਲਾਂ ਨੁਕਸਾਨੀਆਂ ਗਈਆਂ ਹਨ।
ਖੇਤੀਬਾੜੀ ਸੂਤਰਾਂ ਮੁਤਾਬਕ ਲੰਬੀ ਬਲਾਕ ਦੇ ਪਿੰਡ ਤੱਪਾਖੇੜਾ, ਆਧਨੀਆਂ, ਦਿਉਣਖੇੜਾ, ਫਤਹਿਪੁਰ ਮਨੀਆਂਵਾਲਾ ਅਤੇ ਥਰਾਜਵਾਲਾ ਸਮੇਤ ਨੇੜਲੇ ਪਿੰਡਾਂ ਦੀ ਕਰੀਬ ਸੱਤ ਹਜ਼ਾਰ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਮਾਲ ਵਿਭਾਗ ਲੰਬੀ ਵੱਲੋਂ ਸਰਕਾਰ ਨੂੰ ਭੇਜੇ ਗਏ ਨੁਕਸਾਨ ਦੇ ਮੁੱਢਲੇ ਅੰਦਾਜ਼ਿਆਂ ਮੁਤਾਬਕ ਪਿੰਡ ਤੱਪਾਖੇੜਾ ਵਿੱਚ 1880 ਏਕੜ ਤੇ ਦਿਉਣਖੇੜਾ ਵਿੱਚ 1240 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਸ਼ੁਰੂਆਤੀ ਤੌਰ ’ਤੇ ਪ੍ਰਭਾਵਤ ਮਕਾਨਾਂ ਦੀ ਗਿਣਤੀ 335 ਹੈ। ਹਲਕੇ ਵਿੱਚ ਸੇਮ ਨਾਲਿਆਂ ਦੀ ਗਲਤ ਬਣਤਰ ਨੇ ਕਿਸਾਨੀ ਨੂੰ ਡੋਬ ਕੇ ਰੱਖ ਦਿੱਤਾ ਹੈ। ਪਿੰਡ ਪੰਨੀਵਾਲਾ ਫੱਤਾ ਦੀ 2200 ਏਕੜ ਅਤੇ ਪਿੰਡ ਮਿੱਡਾ ਦੀ 3250 ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਹੈ।
ਪਿੰਡ ਮੋਹਲਾਂ, ਰਾਣੀਵਾਲਾ ਅਤੇ ਰੱਤਾਟਿੱਬਾ ਦੇ ਕੁੱਲ ਰਕਬੇ ਵਿੱਚ ਕਰੀਬ 80 ਤੋਂ 90 ਫ਼ੀਸਦੀ ਰਕਬੇ ਵਿੱਚ ਕਈ-ਕਈ ਫੁੱਟ ਪਾਣੀ ਖੜ੍ਹਾ ਹੈ। ਪਿੰਡ ਆਲਮ ਵਾਲਾ ਵਿੱਚ 1700 ਏਕੜ, ਰੱਤਾਖੇੜਾ ’ਚ 1200 ਏਕੜ, ਬੋਦੀਵਾਲਾ ਖੜਕ ਸਿੰਘ ’ਚ 1700, ਅਸਪਾਲ ਅਤੇ ਸਰਾਵਾਂ ਬੋਦਲਾ 1500-1500 ਏਕੜ, ਮਿੱਡਾ ਵਿੱਚ 3250 ਏਕੜ, ਪੱਕੀ ਟਿੱਬੀ ’ਚ 1300, ਮੋਹਲਾਂ ’ਚ 2700 ਏਕੜ, ਰੱਤਾ ਟਿੱਬਾ ’ਚ 2180, ਰਾਣੀਵਾਲਾ ’ਚ 2873 ਏਕੜ, ਕਰਮ ਪੱਟੀ ਵਿੱਚ 1400 ਏਕੜ, ਕੋਲਿਆਂਵਾਲੀ ਵਿੱਚ ਇੱਕ ਹਜ਼ਾਰ ਏਕੜ, ਛਾਪਿਆਂਵਾਲੀ ’ਚ 500, ਬੁਰਜ ਸਿੰਧਵਾਂ ਵਿੱਚ 2500, ਡੱਬਵਾਲੀ ਢਾਬ ਵਿੱਚ ਇੱਕ ਹਜ਼ਾਰ ਅਤੇ ਸ਼ਾਮਖੇੜਾ ਵਿੱਚ 1500 ਏਕੜ ਅਤੇ ਮਾਹਣੀਖੇੜਾ ਵਿੱਚ 800 ਏਕੜ ਫ਼ਸਲ ਤਬਾਹ ਹੋ ਚੁੱਕੀ ਹੈ। ਪੱਕੀ ਟਿੱਬੀ ਵਿੱਚ ਸੇਮਨਾਲੇ ਤੋਂ ਮਿੱਟੀ ਪੁੱਟੀ ਹੋਣ ਕਾਰਨ ਪਟੜੀ ਕਮਜ਼ੋਰ ਹੈ, ਜਿਸ ਕਾਰਨ ਇੱਥੇ ਖ਼ਤਰਾ ਵਧਣ ਦੇ ਆਸਾਰ ਹਨ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਹਲਕੇ ਦੇ ਕਈ ਪਿੰਡਾਂ ਦਾ ਜਾਇਜ਼ਾ ਲਿਆ। ਤੱਪਾਖੇੜਾ ਵਾਸੀਆਂ ਨੇ ਦੋਸ਼ ਲਾਇਆ ਕਿ ਸੁਚੱਜੀ ਨਿਕਾਸੀ ਨਾ ਹੋਣ ਕਰਕੇ ਪਿੰਡ ਵਿੱਚ ਬਾਹਰੀ ਪਾਣੀ ਦਾ ਦਬਾਅ ਵਧ ਰਿਹਾ ਹੈ। ਪ੍ਰਸ਼ਾਸਨੀ ਅਮਲਾ ਸਿਰਫ਼ ਛੱਪੜ ’ਤੇ ਗੇੜਾ ਮਾਰ ਕੇ ਚਲਾ ਗਿਆ, ਜਦਕਿ ਮਾਹੂਆਣਾ ਵਾਲੇ ਪਾਸਿਓਂ ਆਉਂਦੇ ਪਾਣੀ ਕਾਰਨ ਖ਼ਤਰੇ ਨਾਲ ਜੂਝ ਰਹੇ ਬਾਹਰੀ ਮਕਾਨਾਂ ਦੀ ਸਾਰ ਲੈਣ ਕੋਈ ਨਹੀਂ ਪੁੱਜਿਆ। ਲੰਬੀ ਦੇ ਨਾਇਬ ਤਹਿਸੀਲਦਾਰ ਭੋਲਾ ਰਾਮ ਨੇ ਕਿਹਾ ਕਿ ਤੱਪਾਖੇੜਾ ਵਿੱਚ ਰਾਹਤ ਕਾਰਜ ਜਾਰੀ ਹਨ।
ਡੂਮਛੇੜੀ ਤੇ ਆਲਮਪੁਰ ਦੀ ਸੈਂਕੜੇ ਏਕੜ ਫ਼ਸਲ ਤਬਾਹ
ਮੋਰਿੰਡਾ (ਸੰਜੀਵ ਤੇਜਪਾਲ): ਪਿੰਡ ਡੂਮਛੇੜੀ ਅਤੇ ਆਲਮਪੁਰ ਦੇ ਖੇਤਾਂ ਵਿੱਚ ਬਰਸਾਤੀ ਪਾਣੀ ਦਾਖ਼ਲ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ। ਪ੍ਰਸ਼ਾਸਨ ਦੀ ਲਾਪ੍ਰਵਾਹੀ ਤੋਂ ਨਾਰਾਜ਼ ਲੋਕਾਂ ਨੇ ਪਿੰਡ ਡੂਮਛੇੜੀ ਨੇੜੇ ਐੱਸਵਾਈਐੱਲ ਦੇ ਪੁਲ ’ਤੇ ਧਰਨਾ ਦੇ ਕੇ ਮੋਰਿੰਡਾ-ਸਰਹਿੰਦ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ। ਸੜਕ ’ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਐੱਸਐੱਚਓ ਮੋਰਿੰਡਾ ਇੰਸਪੈਕਟਰ ਹਰਕੀਰਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਉੱਚ ਅਧਿਕਾਰੀਆਂ ਨਾਲ ਹੀ ਗੱਲਬਾਤ ਕਰਨ ਦੀ ਮੰਗ ’ਤੇ ਅੜੇ ਰਹੇ। ਸਰਪੰਚ ਲਾਭ ਸਿੰਘ ਡੂਮਛੇੜੀ, ਪੰਚ ਜਤਿੰਦਰ ਸਿੰਘ, ਜਗਮੋਹਨ ਸਿੰਘ ਤੇ ਸ਼ਰਨਪ੍ਰੀਤ ਸਿੰਘ ਆਲਮਪੁਰ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਦੀ ਮਾਰ ਹੇਠ ਆਉਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੱਢ ਰਿਹਾ। ਐੱਸਡੀਐੱਮ ਅਮਰੀਕ ਸਿੰਘ ਨੇ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਮਾਮਲਾ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਉਹ ਜ਼ਿਲ੍ਹਾ ਮੁਹਾਲੀ ਦੇ ਅਧਿਕਾਰੀਆਂ ਨਾਲ ਗੱਲ ਕਰ ਕੇ ਜਲਦੀ ਮਸਲਾ ਹੱਲ ਕਰਵਾਉਣਗੇ। ਐੱਸਡੀਐੱਮ ਦੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।