ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਜੁਲਾਈ
ਬੀਤੀ ਰਾਤ ਅਤੇ ਅੱਜ ਸਵੇਰੇ ਪਏ ਮੀਂਹ ਨੇ ਜ਼ਿਲ੍ਹਾ ਜਲ-ਥਲ ਕਰ ਦਿੱਤਾ ਹੈ। ਭਾਵੇਂ ਇਸ ਮੀਂਹ ਨਾਲ ਕਿਸਾਨ ਬਾਗੋਬਾਗ ਹਨ ਪਰ ਅੰਨਦਾਨਾ, ਮੂਨਕ ਅਤੇ ਲਹਿਰਾਗਾਗਾ ਖੇਤਰ ਵਿਚ ਕਰੀਬ 5500 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ। ਜੇ ਖੇਤਾਂ ’ਚੋਂ ਪਾਣੀ ਨਾ ਨਿਕਲਿਆ ਤਾਂ ਝੋਨੇ ਦੀ ਫਸਲ ਮਰਨ ਦਾ ਖਦਸ਼ਾ ਹੈ।
ਮੀਂਹ ਅਤੇ ਅਸਮਾਨ ਵਿਚ ਛਾਈਆਂ ਕਾਲੀਆਂ ਘਟਾਵਾਂ ਕਰਕੇ ਠੰਢੇ ਹੋਏ ਮੌਸਮ ਨਾਲ ਭਾਵੇਂ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪਰ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ਵਿੱਚ ਭਰੇ ਗੋਡੇ-ਗੋਡੇ ਪਾਣੀ ਨੇ ਜਨਜੀਵਨ ਪ੍ਰਭਾਵਤ ਕਰ ਦਿੱਤਾ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਤੇਜ਼ ਮੀਂਹ ਤੇ ਡਰੇਨ ਟੁੱਟਣ ਕਾਰਨ ਅੰਨਦਾਨਾ, ਮੂਨਕ ਤੇ ਲਹਿਰਾਗਾਗਾ ਖੇਤਰ ਵਿਚ ਕਰੀਬ 5490 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ। ਜੇ ਘੱਗਰ ਜਾਂ ਡਰੇਨ ਆਦਿ ਦਾ ਪਾਣੀ ਨਾ ਘਟਿਆ ਅਤੇ ਖੇਤਾਂ ਵਿਚ ਭਰਿਆ ਪਾਣੀ ਨਾ ਨਿਕਲਿਆ ਤਾਂ ਫਸਲ ਮਰਨ ਦਾ ਖਦਸ਼ਾ ਹੈ।
ਕਾਜ਼ਵੇਅ ’ਚ ਫਸੀ ਲੜਕੀ ਨੂੰ ਢਾਈ ਘੰਟੇ ਬਾਅਦ ਕੱਢਿਆ
ਪਠਾਨਕੋਟ (ਐੱਨ.ਪੀ. ਧਵਨ): ਪਠਾਨਕੋਟ ਦੇ ਗੌਰਮਿੰਟ ਜੀਐੱਨਡੀਯੂ ਕਾਲਜ ਕੋਲ ਦਰਜਨ ਪਿੰਡਾਂ ਨੂੰ ਜੋੜਨ ਵਾਲੇ ਕਾਜ਼ਵੇਅ ’ਤੇ ਮੀਂਹ ਕਾਰਨ ਚੜ੍ਹੇ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਸਕੂਟੀ ਰੁੜ੍ਹ ਗਈ। ਸਕੂਟੀ ਸਵਾਰ ਇੱਕ ਨੌਜਵਾਨ ਅਤੇ ਲੜਕੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਉਨ੍ਹਾਂ ਨਾਲ ਜਾ ਰਹੀ ਇੱਕ ਹੋਰ ਲੜਕੀ ਢਾਈ ਘੰਟੇ ਦੇ ਕਰੀਬ ਪਾਣੀ ਵਿੱਚ ਫਸੀ ਰਹੀ। ਮਗਰੋਂ ਐੱਨਡੀਆਰਐੱਫ ਟੀਮ ਦੇ ਸਹਿਯੋਗ ਨਾਲ ਉਸ ਨੂੰ ਬਾਹਰ ਕੱਢਿਆ ਗਿਆ। ਲੜਕੀ ਦੀ ਪਛਾਣ ਉਮਾ ਪੁੱਤਰੀ ਸ਼ਾਮ ਸਿੰਘ ਵਾਸੀ ਪਿੰਡ ਧਾਰ ਵਜੋਂ ਹੋਈ ਹੈ। ਉਹ ਪੇਪਰ ਦੇਣ ਲਈ ਮਾਸੀ ਕੋਲ ਪਿੰਡ ਕਰੋਲੀ ਆਈ ਹੋਈ ਸੀ। ਲੜਕੀ ਦੀ ਮਾਸੀ ਦੀਪਿਕਾ ਨੇ ਦੱਸਿਆ ਕਿ ਉਸ ਦੇ ਬੇਟੇ ਰਿਤਿਸ਼ ਅਤੇ ਉਸ ਦੀ ਦੂਸਰੀ ਭੈਣ ਦੀ ਲੜਕੀ ਰਾਘਵੀ ਨਾਲ ਉਮਾ ਪੇਪਰ ਦੇਣ ਜਾ ਰਹੀ ਸੀ। ਜਿਉਂ ਹੀ ਉਨ੍ਹਾਂ ਨੇ ਸਕੂਟੀ ਕਾਜ਼ਵੇਅ ਉਪਰ ਲੰਘ ਰਹੇ ਪਾਣੀ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਾਣੀ ਦੇ ਵਹਾਅ ਨਾਲ ਰੁੜ੍ਹ ਗਏ।
ਬਾਦਸ਼ਾਹਪੁਰ ਨੇੜੇ ਘੱਗਰ ਚੜ੍ਹਿਆ
ਘੱਗਾ (ਪੱਤਰ ਪ੍ਰੇਰਕ): ਬਾਦਸ਼ਾਹਪੁਰ ਨੇੜੇ ਬੀਤੀ ਰਾਤ ਤੋਂ ਘੱਗਰ ਦਰਿਆ ’ਚ ਪਾਣੀ ਚੜ੍ਹ ਰਿਹਾ ਹੈ ਅਤੇ ਪਾਣੀ ਦੇ ਵਹਾਅ ਵਿਚ ਕੋਈ ਅੜਚਨ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਹਾਲੇ ਕੋਈ ਖ਼ਤਰਾ ਨਹੀਂ ਹੈ। ਬਾਦਸ਼ਾਹਪੁਰ ਦੇ ਸਾਬਕਾ ਸਰਪੰਚ ਪਿਛੌਰਾ ਸਿੰਘ ਨੇ ਦੱਸਿਆ ਕਿ ਹਰਚੰਦਪੁਰਾ ਤੋਂ ਬਾਦਸ਼ਾਹਪੁਰ ਤੱਕ ਉੱਚੇ ਤੇ ਮਜ਼ਬੂਤ ਬੰਨ੍ਹ ਦੀ ਉਸਾਰੀ ਹੋਣ ਕਰਕੇ ਇਲਾਕੇ ਵਿੱਚ ਹੜ੍ਹ ਦਾ ਖ਼ਤਰਾ ਨਹੀਂ ਰਿਹਾ।
ਹਿਮਾਚਲ ਪ੍ਰਦੇਸ਼ ਮਾਰਗ ’ਤੇ ਪਹਾੜ ਦਾ ਹਿੱਸਾ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
ਪਠਾਨਕੋਟ: ਨੀਮ ਪਹਾੜੀ ਖੇਤਰ ਧਾਰਕਲਾਂ ਅਧੀਨ ਪੈਂਦੇ ਥੜਾ ਉਪਰਲਾ, ਧਾਰਕਲਾਂ, ਡਲਹੌਜ਼ੀ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਬੀਤੀ ਰਾਤ ਅਚਾਨਕ ਪਹਾੜ ਦਾ ਹਿੱਸਾ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਉਸ ਸਮੇਂ ਸੜਕ ’ਤੇ ਕੋਈ ਵਾਹਨ ਜਾਂ ਪੈਦਲ ਰਾਹਗੀਰ ਨਹੀਂ ਜਾ ਰਿਹਾ ਸੀ, ਜਿਸ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ।