ਮੀਂਹ ਦੀ ਮਾਰ: ਪੰਜਾਬ ਦੇ ਵੱਡੇ ਸ਼ਹਿਰ ਜਲ-ਥਲ, ਫ਼ਸਲਾਂ ਖ਼ਰਾਬ

ਮੀਂਹ ਦੀ ਮਾਰ: ਪੰਜਾਬ ਦੇ ਵੱਡੇ ਸ਼ਹਿਰ ਜਲ-ਥਲ, ਫ਼ਸਲਾਂ ਖ਼ਰਾਬ

ਪਟਿਆਲਾ ਦੇ ਇੱਕ ਪਿੰਡ ਬਾਦਸ਼ਾਹਪੁਰ ’ਚ ਭਰਿਆ ਮੀਂਹ ਦਾ ਪਾਣੀ। -ਫੋਟੋ:ਪੀਟੀਆਈ

ਚਰਨਜੀਤ ਭੁੱਲਰ
ਚੰਡੀਗੜ੍ਹ, 3 ਅਗਸਤ

ਮੁੱਖ ਅੰਸ਼

  • ਘੱਗਰ ਦਾ ਭੈਅ ਬਰਕਰਾਰ
  • ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਸ਼ਹਿਰ ’ਚ ਭਰਿਆ ਪਾਣੀ, ਲੋਕ ਪ੍ਰੇਸ਼ਾਨ

ਪੰਜਾਬ ਵਿੱਚ ਲੰਘੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਪੰਜਾਬ ਦੇ ਵੱਡੇ ਸ਼ਹਿਰ ਜਲ-ਥਲ ਕਰ ਦਿੱਤੇ ਹਨ, ਉੱਥੇ ਹੀ ਇਹ ਮੀਂਹ ਹੁਣ ਫ਼ਸਲਾਂ ਲਈ ਵੀ ਮਾਰੂ ਸਿੱਧ ਹੋ ਰਿਹਾ ਹੈ। ਘੱਗਰ ਦੇ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਤਾਂ ਘਟਿਆ ਹੈ ਪਰ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ’ਚ ਘੱਗਰ ਦਾ ਭੈਅ ਹਾਲੇ ਬਰਕਰਾਰ ਹੈ। ਅੱਜ ਭਾਰੀ ਬਾਰਸ਼ ਹੋਣ ਕਰਕੇ ਪੰਜਾਬ ਦੇ ਬਠਿੰਡਾ, ਪਟਿਆਲਾ ਤੇ ਲੁਧਿਆਣਾ ਸ਼ਹਿਰ ਪਾਣੀ ’ਚ ਘਿਰ ਗਏ ਹਨ। ਦੂਜੇ ਪਾਸੇ ਨਰਮਾ ਪੱਟੀ ਦੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ’ਚ ਨਰਮੇ ਤੇ ਕਪਾਹ ਦੀ ਫ਼ਸਲ ਨੁਕਸਾਨੀ ਗਈ ਹੈ ਜਦਕਿ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ’ਚ ਝੋਨੇ ਅਤੇ ਮੱਕੀ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਭਲਕੇ ਬੁੱਧਵਾਰ ਨੂੰ ਕੁਝ ਥਾਵਾਂ ’ਤੇ ਦਰਮਿਆਨੀ ਤੋਂ ਭਰਵੀਂ ਬਾਰਸ਼ ਹੋਵੇਗੀ ਜਦਕਿ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਅਨੁਸਾਰ ਅੱਜ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਵਿੱਚ 38 ਐੱਮਐੱਮ, ਲੁਧਿਆਣਾ ਵਿੱਚ 28 ਐੱਮਐੱਮ ਅਤੇ ਬਠਿੰਡਾ ਵਿੱਚ 19 ਐੱਮਐੱਮ ਬਾਰਸ਼ ਹੋਈ ਹੈ। ਇਨ੍ਹਾਂ ਵੱਡੇ ਸ਼ਹਿਰਾਂ ਦਾ ਜਨ-ਜੀਵਨ ਮੀਂਹ ਕਾਰਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿੱਚ ਮੁੱਖ ਸੜਕਾਂ ਨੂੰ ਪਾਣੀ ਨੇ ਜਾਮ ਕਰ ਦਿੱਤਾ ਹੈ। ਬਠਿੰਡਾ ਦੇ ਦਰਜਨਾਂ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਹੈ। ਵੇਰਵਿਆਂ ਅਨੁਸਾਰ ਅੱਜ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ, ਮੋਗਾ, ਮੁਹਾਲੀ ਅਤੇ ਸੰਗਰੂਰ ਵਿੱਚ ਵੀ ਭਰਵੀਂ ਬਾਰਸ਼ ਹੋਈ ਹੈ। ਸਮੁੱਚੇ ਪੰਜਾਬ ਵਿੱਚ ਬੱਦਲਵਾਈ ਬਣੀ ਹੋਈ ਹੈ। ਘੱਗਰ ਦਾ ਸਾਧਾਰਨ ਪੱਧਰ 728 ਫੁੱਟ ਮੰਨਿਆ ਜਾਂਦਾ ਹੈ ਅਤੇ 31 ਜੁਲਾਈ ਨੂੰ ਇਹ ਪੱਧਰ 748 ਫੁੱਟ ’ਤੇ ਚਲਾ ਗਿਆ ਸੀ। ਖ਼ਤਰੇ ਦੇ ਨਿਸ਼ਾਨ ’ਤੇ ਜਾਣ ਮਗਰੋਂ ਅੱਜ 12 ਵਜੇ ਘੱਗਰ ਦਾ ਪੱਧਰ 739 ਫੁੱਟ ਰਹਿ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ ਭੁਨਰਹੇੜੀ ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਕਰੀਬ ਚਾਰ ਹਜ਼ਾਰ ਏਕੜ ਫ਼ਸਲ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪਟਿਆਲਾ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਘੱਗਰ ਵਿੱਚ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਮੀਂਹ ਕਾਰਨ ਜੀਰੀ, ਮੱਕੀ ਅਤੇ ਹਰਾ ਚਾਰਾ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਬਲਾਕ ਸਰਦੂਲਗੜ੍ਹ ਅਤੇ ਬੁਢਲਾਡਾ ਵਿੱਚ ਵੀ ਕਰੀਬ ਦੋ ਹਜ਼ਾਰ ਏਕੜ ਨਰਮੇ- ਕਪਾਹ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਮਾਨਸਾ ਸ਼ਹਿਰ ਵੀ ਅੱਜ ਪਾਣੀ ਨਾਲ ਜੂਝਦਾ ਰਿਹਾ। ਬਠਿੰਡਾ ਦੇ ਤਲਵੰਡੀ ਸਾਬੋ ਅਤੇ ਮੌੜ ਇਲਾਕੇ ਵਿੱਚ ਮੀਂਹ ਨੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ।

ਫੀਲਡ ਸਟਾਫ਼ ਤੋਂ ਰਿਪੋਰਟ ਮੰਗੀ: ਡਾਇਰੈਕਟਰ

ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਨੀਵੇਂ ਖੇਤਾਂ ਵਿੱਚ ਪਾਣੀ ਖੜ੍ਹ ਗਿਆ ਹੈ ਅਤੇ ਪਾਣੀ ਨਿਕਲਣ ਮਗਰੋਂ ਫ਼ਸਲਾਂ ਦੇ ਨੁਕਸਾਨ ਦਾ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਫੀਲਡ ਸਟਾਫ ਤੋਂ ਰਿਪੋਰਟ ਮੰਗ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਕਿਤੇ ਵੀ ਕੋਈ ਵੱਡਾ ਫ਼ਸਲੀ ਨੁਕਸਾਨ ਸਾਹਮਣੇ ਨਹੀਂ ਆਇਆ ਹੈ।

ਫ਼ਸਲਾਂ ਦੇ ਖ਼ਰਾਬੇ ਦੀ ਗਿਰਦਾਵਰੀ ਹੋਵੇ: ਪ੍ਰੋ. ਬਲਜਿੰਦਰ ਕੌਰ

‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਅੱਜ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਮੀਂਹ ਕਾਰਨ ਤਲਵੰਡੀ ਸਾਬੋ ਵਿੱਚ ਹੋਏ ਨੁਕਸਾਨ ਤੋਂ ਜਾਣੂ ਕਰਾਇਆ। ਵਿਧਾਇਕਾ ਨੇ ਕਿਹਾ ਕਿ ਨਰਮਾ, ਝੋਨਾ ਅਤੇ ਗੁਆਰੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ ਜਦਕਿ ਕਿਸਾਨ ਪਹਿਲਾਂ ਹੀ ਬਿਪਤਾ ਵਿੱਚ ਘਿਰੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਮੀਂਹ ਕਾਰਨ ਫ਼ਸਲਾਂ ਦਾ ਜੋ ਖ਼ਰਾਬਾ ਹੋਇਆ ਹੈ, ਉਸ ਦੀ ਸਪੈਸ਼ਲ ਗਿਰਦਾਵਰੀ ਕਰਾਈ ਜਾਵੇ ਅਤੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਮਜ਼ਦੂਰਾਂ ਦੇ ਮਕਾਨ ਵੀ ਨੁਕਸਾਨੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All