ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੁਲਾਈ
ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਸਵੇਰ ਤੋਂ ਪੈ ਰਹੇ ਹਲਕੇ ਮੀਂਹ ਨੇ ਫ਼ਸਲਾਂ ਵਿੱਚ ਰੰਗ ਭਰ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ ਅਗਲੇ 48-72 ਘੰਟਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਚੰਡੀਗੜ੍ਹ ਅਤੇ ਦਿੱਲੀ ਵਿਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ਵਿੱਚ ਬਿਜਲੀ ਦਾ ਸੰਕਟ ਦੂਰ ਹੋਣ ਦੀ ਵੀ ਉਮੀਦ ਬੱਝ ਗਈ ਹੈ।
ਖੇਤੀ ਮਾਹਿਰਾਂ ਨੇ ਇਸ ਮੀਂਹ ਨੂੰ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡਾ. ਮਨਜੀਤ ਸਿੰਘ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਸਾਉਣ ਦਾ ਇਹ ਮੀਂਹ ਫ਼ਸਲਾਂ ਲਈ ਦੇਸੀ ਘਿਓ ਵਾਂਗ ਕੰਮ ਕਰੇਗਾ। ਮੀਂਹ ਦੇ ਪਾਣੀ ਵਿਚ ਅਨੇਕਾਂ ਕਿਸਮ ਦੇ ਅਜਿਹੇ ਤੱਤ ਹੁੰਦੇ ਹਨ, ਜੋ ਫ਼ਸਲਾਂ ਦੀ ਭਰਪੂਰ ਝਾੜ ਲਈ ਅਖੀਰ ਤੱਕ ਕੰਮ ਕਰਦੇ ਰਹਿੰਦੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਮੀਂਹ ਨਾਲ ਮਹਿਕਮੇ ਵੱਲੋਂ ਲਗਾਏ ਗਏ ਸੰਘਣੀ ਛਾਂ ਵਾਲੇ ਬੂਟੇ ਵੀ ਆਪਣੇ-ਆਪ ਚੱਲ ਪੈਣਗੇ।
ਮੀਂਹ ਕਰਕੇ ਬਿਜਲੀ ਦੀ ਮੰਗ ਘਟੀ
ਪਟਿਆਲਾ (ਰਵੇਲ ਸਿੰਘ ਭਿੰਡਰ): ਸਵੇਰ ਦੇ ਪੈ ਰਹੇ ਰਹੇ ਮੀਂਹ ਕਰਕੇ ਬਿਜਲੀ ਦੀ ਮੰਗ ’ਚ ਪੰਜ ਤੋਂ ਛੇ ਹਜ਼ਾਰ ਮੈਗਾਵਾਟ ਦੇ ਕਰੀਬ ਗਿਰਾਵਟ ਆਈ ਹੈ। ਬਿਜਲੀ ਦੀ ਮੰਗ ਮਨਫ਼ੀ ਹੋਣ ਮਗਰੋਂ ਪਾਵਰਕੌਮ ਨੇ ਬਿਜਲੀ ਸੰਤੁਲਣ ਕਾਇਮ ਰੱਖਣ ਲਈ ਲਹਿਰਾ ਮੁਹੱਬਤ, ਰੋਪੜ ਅਤੇ ਨਿੱਜੀ ਖੇਤਰ ਦੇ ਗੋਇੰਦਵਾਲ ਸਾਹਿਬ ਥਰਮਲ ਨੂੰ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਬਿਜਲੀ ਦੀ ਲੋੜ ਮੁਤਾਬਕ ਇਸ ਵੇਲੇ ਰਾਜਪੁਰਾ ਥਰਮਲ ਦੀਆਂ ਦੋਵੇਂ ਯੂਨਿਟਾਂ ਅਤੇ ਤਲਵੰਡੀ ਸਾਬੋ ਦੀ ਇੱਕਲੌਤੀ ਯੂਨਿਟ ਵੀ ਅੱਧੇ ਲੋਡ ’ਤੇ ਕਰ ਦਿੱਤੀ ਗਈ ਹੈ। ਹਾਈਡਲ ਖੇਤਰ ਦੇ ਰਣਜੀਤ ਸਾਗਰ ਡੈਮ ਦੀਆਂ ਤਿੰਨ ਉਤਪਾਦ ਯੂਨਿਟਾਂ ਬੰਦ ਕਰਨੀਆਂ ਪਈਆਂ ਹਨ। ਪਾਵਰਕੌਮ ਦੇ ਸੀਐੱਮਡੀ ਏ.ਵੇਣੂ ਪ੍ਰਸਾਦ ਨੇ ਕਿਹ ਕਿ ਬਰਸਾਤ ਤੋਂ ਕਿਸਾਨ ਵੀ ਖੁਸ਼ ਹਨ ਤੇ ਪਾਵਰਕੌਮ ਦਾ ਅਮਲਾ ਵੀ ਖੁਸ਼ੀ ਦੇ ਰੌਂਅ ’ਚ ਹੈ। ਪਾਵਰਕੌਮ ਵੱਲੋਂ ਬਾਹਰੀ ਖੇਤਰਾਂ ਤੋਂ ਮੰਗਵਾਈ ਜਾ ਰਹੀ ਸ਼ਡਿਊਲ ਬਿਜਲੀ ਵੀ ਕਾਫੀ ਹੱਦ ਤੱਕ ਮਨਫ਼ੀ ਕਰ ਦਿੱਤੀ ਗਈ ਹੈ।