ਪੱਤਰ ਪ੍ਰੇਰਕ
ਮੋਰਿੰਡਾ 4 ਜੁਲਾਈ
ਸ਼ਹਿਰ ਵਿਚ ਹੋਈ ਭਰਵੀਂ ਬਰਸਾਤ ਨੇ ਨਗਰਪਾਲਿਕਾ ਵੱਲੋਂ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਣ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਅੰਡਰਬਿ੍ਜ, ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਹੇ ਹਨ। ਅੱਜ ਹੋਈ ਬਾਰਸ਼ ਉਪਰੰਤ ਬੱਸ ਅੱਡੇ ਨੇੜੇ ਬਣਾਏ ਇਸ ਅੰਡਰਬਿ੍ਜ ਵਿੱਚ ਡੇਢ ਫੁੱਟ ਤੋਂ 2 ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ, ਜਿਸ ਦੀ ਨਿਕਾਸੀ ਦਾ ਕੋਈ ਯੋਗ ਅਤੇ ਸਥਾਈ ਹੱਲ ਨਾ ਕਰਨ ਕਾਰਨ ਇੱਥੋਂ ਸਕੂਟਰ, ਮੋਟਰਸਾਈਕਲ ਅਤੇ ਥ੍ਰੀਵੀਲਰ, ਕਾਰਾਂ ਸਮੇਤ ਛੋਟੀਆਂ ਗੱਡੀਆਂ ਵਾਲਿਆਂ ਨੂੰ ਪਾਣੀ ਵਿੱਚੋਂ ਲੰਘਣ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਈਆਂ ਦੇ ਸਕੂਟਰ ਮੋਟਰਸਾਈਕਲ ਪਾਣੀ ਵਿੱਚ ਬੰਦ ਹੋਏ। ਉੱਧਰ ਚੁੰਨੀ ਰੋਡ ਤੇ ਬਣੇ ਅੰਡਰਬ੍ਰਿਜ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਇੱਥੋਂ ਰਾਹਗੀਰਾਂ ਨੂੰ ਇਕ ਪਾਸੇ ਤੋਂ ਹੀ ਆਉਣ ਜਾਣ ਲਈ ਮਜਬੂਰ ਹੋਣਾ ਪਿਆ।
ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਬਰਸਾਤੀ ਪਾਣੀ ਜਮਾਂ ਹੋ ਗਿਆ। ਜਿਸ ਕਾਰਨ ਹਸਪਤਾਲ ਵਿੱਚ ਜਾਣ ਵਾਲੇ ਮਰੀਜ਼ਾਂ ਅਤੇ ਇਸ ਰਸਤੇ ਰਾਹੀਂ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।
ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਭਾਜਪਾ ਆਗੂ ਜਤਿੰਦਰ ਗੁੰਬਰ, ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ , ਅਵਤਾਰ ਸਿੰਘ, ਲਖਵੀਰ ਸਿੰਘ ਲਵਲੀ, ਵਿਨੋਦ ਮਹਿਤਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਦੋਨੋਂ ਅੰਡਰਬ੍ਰਿਜ ਹੇਠ ਅਤੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਜਮ੍ਹਾਂ ਹੁੰਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਅਤੇ ਯੋਗ ਪ੍ਰਬੰਧ ਕੀਤਾ ਜਾਵੇ।
ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਸ੍ਰੀ ਰਜਨੀਸ਼ ਸੂਦ ਨਾਲ ਸੰਪਰਕ ਕੀਤਾ ਗਿਆ, ਤਾਂ ਉਨਾਂ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਹੀ ਮੋਰਿੰਡਾ ਵਿਖੇ ਆਏ ਹਨ ਅਤੇ ਉਹ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕਰਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।