ਚਰਨਜੀਤ ਭੁੱਲਰ
ਚੰਡੀਗੜ੍ਹ, 23 ਮਾਰਚ
ਪੰਜਾਬ ਵਿੱਚ ਅੱਜ ਸਵੇਰ ਤੇ ਲੰਘੀ ਰਾਤ ਪਏ ਮੀਂਹ ਅਤੇ ਤੇਜ਼ ਰਫ਼ਤਾਰ ਹਵਾਵਾਂ ਨੇ ਕਣਕ ਦੀ ਖੜੀ ਫ਼ਸਲ ਨੂੰ ਵਿਛਾ ਛੱਡਿਆ ਹੈ। ਦੋ ਦਿਨਾਂ ਦੀ ਬੱਦਲਵਾਈ ਅਤੇ ਬਾਰਸ਼ ਨੇ ਕਿਸਾਨਾਂ ਅੱਗੇ ਨਵੇਂ ਫ਼ਿਕਰ ਖੜ੍ਹੇ ਕਰ ਦਿੱਤੇ ਹਨ ਅਤੇ ਇਸ ਨਾਲ ਕਣਕ ਦੇ ਝਾੜ ’ਤੇ ਅਸਰ ਪੈਣ ਦਾ ਵੀ ਖਦਸ਼ਾ ਹੈ। ਇਸ ਦੌਰਾਨ ਝੱਖੜ ਕਰ ਕੇ ਰੋਪੜ ਇਲਾਕੇ ਵਿਚ ਬਿਜਲੀ ਦਾ ਟਾਵਰ ਡਿੱਗਣ ਨਾਲ ਸੈਂਕੜੇ ਪਿੰਡਾਂ ਵਿਚ ਬਿਜਲੀ ਪ੍ਰਭਾਵਿਤ ਰਹੀ ਜਦੋਂ ਕਿ ਮਾਝੇ ਵਿਚ ਬਿਜਲੀ ਦੇ ਹਜ਼ਾਰਾਂ ਖੰਭੇ ਨੁਕਸਾਨੇ ਗਏ ਹਨ। ਤਰਨ ਤਾਰਨ ਵਿਚ ਗੜੇਮਾਰੀ ਦੀਆਂ ਵੀ ਰਿਪੋਰਟਾਂ ਹਨ। ਕੁੱਲ ਮਿਲਾ ਕੇ ਅੱਜ ਸਮੁੱਚੇ ਪੰਜਾਬ ਹੀ ਕਿਣਮਿਣ ਹੋਈ ਹੈ ਅਤੇ ਕਈ ਥਾਵਾਂ ’ਤੇ ਝੱਖੜ ਦੀ ਵੱਧ ਮਾਰ ਪਈ ਹੈ। ਦੋ ਦਿਨਾਂ ਦੀ ਬਾਰਸ਼ ਮਗਰੋਂ ਤਾਪਮਾਨ ਵਿਚ ਅੱਜ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੀ। ਠੰਢਾ ਮੌਸਮ ਪਿਛੇਤੀਆਂ ਕਣਕਾਂ ਲਈ ਚੰਗਾ ਦੱਸਿਆ ਜਾ ਰਿਹਾ ਹੈ। ਕਲਾਨੌਰ ਦੇ ਪਿੰਡਾਂ ਵਿਚ ਝੱਖੜ ਕਰਕੇ ਫਸਲਾਂ ਡਿੱਗੀਆਂ। ਬਲਾਚੌਰ ਦੇ ਇੱਕਾ-ਦੁੱਕਾ ਪਿੰਡਾਂ ਵਿਚ ਘਰਾਂ ਦੀਆਂ ਛੱਤਾਂ ਵੀ ਉੱਡੀਆਂ ਹਨ। ਵੇਰਵਿਆਂ ਅਨੁਸਾਰ ਜਲਾਲਾਬਾਦ ’ਚ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦਾ ਦਫ਼ਤਰ ਝੱਖੜ ਦੀ ਲਪੇਟ ਵਿਚ ਆ ਗਿਆ ਹੈ। ਦਫ਼ਤਰ ਡਿੱਗਣ ਨਾਲ ਹੋਮ ਗਾਰਡ ਜਵਾਨ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ ਹਨ। ਬਾਰਸ਼ ਤੇ ਤੇਜ਼ ਹਵਾਵਾਂ ਨੇ ਫਿਰੋਜ਼ਪੁਰ ਇਲਾਕੇ ’ਚ ਹਜ਼ਾਰਾਂ ਏਕੜ ਕਣਕ ਦੀ ਫਸਲ ਧਰਤੀ ’ਤੇ ਵਿਛਾ ਦਿੱਤੀ। ਬਰਨਾਲਾ ਵਿਚ ਕਣਕ ਤੇ ਆਲੂਆਂ ਦੀ ਫ਼ਸਲ ਅਸਰਅੰਦਾਜ਼ ਹੋਈ। ਬਠਿੰਡਾ ’ਚ ਅੱਜ ਤੜਕਸਾਰ ਪੌਣਾ ਘੰਟਾ ਜ਼ੋਰਦਾਰ ਝੱਖੜ ਆਇਆ ਜਿਸ ਨਾਲ ਹਜ਼ਾਰਾਂ ਏਕੜ ਫਸਲ ਵਿਛ ਗਈ। ਮਾਨਸਾ ਵਿਚ ਹਲਕੀ ਬਾਰਸ਼ ਹੋਈ ਹੈ।
ਪੰਜਾਬ ਸਰਕਾਰ ਫੌਰੀ ਗਿਰਦਾਵਰੀ ਕਰਾ ਕੇ ਮੁਆਵਜ਼ਾ ਦੇਵੇ: ਬੁਰਜਗਿੱਲ
ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਦੋ ਦਿਨਾਂ ਦੇ ਮੀਂਹ ਅਤੇ ਝੱਖੜ ਨੇ ਕਣਕ ਦੀ ਫਸਲ ਵਿਛਾ ਸੁੱਟੀ ਹੈ। ਲਿਹਾਜ਼ਾ ਕਣਕ ਦਾ ਝਾੜ ਘਟੇਗਾ ਅਤੇ ਫ਼ਸਲ ਦੇ ਲਾਗਤ ਖਰਚੇ ਵੀ ਵਧਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹੋਏ ਨੁਕਸਾਨ ਦੀ ਫੌਰੀ ਗਿਰਦਾਵਰੀ ਕਰਾਵੇ ਤੇ ਪ੍ਰਭਾਵਿਤ ਫਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਡਿਪਟੀ ਕਮਿਸ਼ਨਰਾਂ ਤੋਂ ਨੁਕਸਾਨ ਬਾਰੇ ਰਿਪੋਰਟ ਲਵਾਂਗੇ: ਕਾਂਗੜ
ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਹ ਝੱਖੜ ਕਰਕੇ ਫ਼ਸਲਾਂ ਦੇ ਹੋਏ ਨੁਕਸਾਨ ਬਾਰੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਸਮੀ ਖਰਾਬੀ ਕਰ ਕੇ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਖੜੀ ਹੈ ਅਤੇ ਖੜੇਗੀ।
ਬਿਜਲੀ ਸਪਲਾਈ ਬਹਾਲ ਕੀਤੀ: ਗਰੇਵਾਲ
ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀਪੀਐੱਸ ਗਰੇਵਾਲ ਨੇ ਕਿਹਾ ਕਿ ਝੱਖੜ ਕਰ ਕੇ ਅਸਰਅੰਦਾਜ਼ ਹੋਈ ਬਿਜਲੀ ਸਪਲਾਈ ਨੂੰ ਅੱਜ ਦੁਪਹਿਰ ਤੱਕ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਪੜ ਦੇ ਪਹਾੜੀ ਇਲਾਕੇ ਵਿਚ ਬਿਜਲੀ ਟਾਵਰ ਡਿੱਗਣ ਕਰਕੇ ਚਾਰ ਗਰਿੱਡਾਂ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ।