ਗਗਨਦੀਪ ਅਰੋੜਾ
ਲੁਧਿਆਣਾ, 18 ਮਈ
ਚੱਕਰਵਾਤੀ ਤੂਫ਼ਾਨ ‘ਤਾਊਤੇ’ ਮੁੰਬਈ ਅਤੇ ਗੁਜਰਾਤ ਵਿੱਚ ਕਹਿਰ ਢਾਹੁਣ ਤੋਂ ਬਾਅਦ ਉੱਤਰੀ ਭਾਰਤ ਵੱਲ ਵਧ ਰਿਹਾ ਹੈ। ਮੌਸਮ ਦੇ ਮਾਹਿਰਾਂ ਅਨੁਸਾਰ ਇਸ ਦੇ ਰਾਜਸਥਾਨ ਤੋਂ ਹੁੰਦੇ ਹੋਏ 19 ਤੇ 20 ਮਈ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਹੈੱਡ ਡਾਕਟਰ ਕੇ.ਕੇ. ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ 19 ਅਤੇ 20 ਮਈ ਨੂੰ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਦੇ ਇਸ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ’ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਨਾਲ ਹੀ ਦਰਮਿਆਨੀ ਬਾਰਸ਼ ਪੈਣ ਦੇ ਵੀ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੀਂਹ ਤਾਂ ਘੱਟ ਪਵੇਗਾ, ਪਰ ਹਵਾਵਾਂ ਤੇਜ਼ ਚੱਲਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਵਿੱਚ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੌਨਸੂਨ ਸਾਧਾਰਨ ਰਹਿਣ ਦਾ ਅਨੁਮਾਨ ਹੈ।
‘ਤਾਊਤੇ’ ਨੂੰ ਦੇਖਦੇ ਪੀਏਯੂ ਨੇ ਆਮ ਲੋਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਡਾ. ਗਿੱਲ ਅਨੁਸਾਰ ਆਮ ਲੋਕ ਨਦੀਆਂ, ਨਹਿਰਾਂ ਜਾਂ ਫਿਰ ਹੇਠਲੇ ਇਲਾਕਿਆਂ ’ਚੋਂ ਨਾ ਲੰਘਣ। ਪਾਣੀ ਨਾਲ ਭਰੇ ਇਲਾਕਿਆਂ ’ਚ ਘੁੰਮਣ ਦੇ ਪ੍ਰੋਗਰਾਮ ਰੱਦ ਕਰ ਦੇਣ, ਇਸ ਸਮੇਂ ਡਰੇਨੇਜ ਨੈੱਟਵਰਕ ਦੀ ਦੇਖਭਾਲ ਕਰਨੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤਾਂ ’ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰਨ। ਖਾਦ ਅਤੇ ਕੀਟਨਾਸ਼ਕ ਦੀ ਵਰਤੋਂ ਨਾ ਕਰਨ ਕਿਉਂਕਿ ਮੀਂਹ ਜ਼ਿਆਦਾ ਪੈਣ ਕਾਰਨ ਇਹ ਵਹਿ ਕੇ ਦੂਜੇ ਖੇਤਾਂ ਵਿਚ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕੱਟੀ ਹੋਈ ਫ਼ਸਲ ਨੂੰ ਖੁੱਲ੍ਹੇ ਆਸਮਾਨ ਹੇਠਾਂ ਨਾ ਰੱਖਣ।