ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨਾਂ ਵੱਲੋਂ ਜੰਡਿਆਲਾ ਨੇੜੇ ਰੇਲ ਪਟੜੀਆਂ ’ਤੇ ਲਾਏ ਧਰਨੇ ਕਾਰਨ ਰੇਲ ਵਿਭਾਗ ਨੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਚੱਲ ਰਹੀਆਂ ਤਿੰਨ ਰੇਲ ਗੱਡੀਆਂ ਧਰਨਾ ਖਤਮ ਹੋਣ ਤਕ ਨਾ ਚਲਾਉਣ ਤੇ ਦੋ ਰੇਲਾਂ ਦਾ ਰਸਤਾ ਤਬਦੀਲ ਕਰਨ ਦਾ ਫ਼ੈਸਲਾ ਲਿਆ ਹੈ। ਰੇਲ ਵਿਭਾਗ ਦੇ ਫਿਰੋਜ਼ਪੁਰ ਮੰਡਲ ਦੇ ਡੀਆਰਐੱਮ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਕਿਸਾਨਾਂ ਦੇ ਧਰਨੇ ਕਾਰਨ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਅੰਮ੍ਰਿਤਸਰ-ਐਕਸਪ੍ਰੈੱਸ ਅਤੇ ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ ਰੇਲ ਗੱਡੀਆਂ ਧਰਨਾ ਖਤਮ ਹੋਣ ਤਕ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਰੇਲ ਗੱਡੀਆਂ ਰੇਲ ਵਿਭਾਗ ਨੇ ਹੁਣ ਚਲਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ‘ਗੋਲਡਨ ਟੈਂਪਲ ਮੇਲ ਐਕਸਪ੍ਰੈੱਸ’, ‘ਸਰਯੂ-ਯਮੁਨਾ ਤੇ ਸ਼ਹੀਦ ਐਕਸਪ੍ਰੈੱਸ’ ਰੇਲ ਗੱਡੀਆਂ ਬਦਲੇ ਹੋਏ ਰੇਲ ਰਸਤੇ ਤਰਨ ਤਾਰਨ ਰਾਹੀਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੱਛਮ ਐਕਸਪ੍ਰੈੱਸ, ਸਚਖੰਡ ਐਕਸਪ੍ਰੈੱਸ ਅਤੇ ਅੰਮ੍ਰਿਤਸਰ-ਬਾਂਦਰਾ ਟਰਮੀਨਲ ਯਾਤਰੂ ਰੇਲ ਗੱਡੀਆਂ ਅੱਜ ਇੱਥੇ ਪੁੱਜ ਚੁੱਕੀਆਂ ਹਨ, ਜਿਨ੍ਹਾਂ ਨੂੰ ਭਲਕੇ 25 ਨਵੰਬਰ ਨੂੰ ਸਵੇਰੇ ਚਲਾਇਆ ਜਾਵੇਗਾ। ਕਿਸਾਨਾਂ ਵੱਲੋਂ ਦਿੱਤੇ ਧਰਨੇ ਕਾਰਨ ਅੱਜ ਮੁੰਬਈ ਤੋਂ ਆਈ ਗੋਲਡਨ ਟੈਂਪਲ ਐਕਸਪ੍ਰੈੱਸ ਰੇਲ ਗੱਡੀ ਨੂੰ ਤਰਨ ਤਾਰਨ ਰਸਤੇ ਅੰਮ੍ਰਿਤਸਰ ਲਿਆਂਦਾ ਗਿਆ, ਜਿਸ ਕਾਰਨ ਇਹ ਰੇਲ ਗੱਡੀ ਲਗਪਗ ਤਿੰਨ ਘੰਟੇ ਤੋਂ ਵਧੇਰੇ ਸਮਾਂ ਦੇਰੀ ਨਾਲ ਪੁੱਜੀ। ਇਸ ਬਾਰੇ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐੱਸਐੱਸਪੀ ਧਰੁਵ ਦਾਹੀਆ ਲਗਪਗ ਸਵੇਰੇ 4 ਵਜੇ ਜੰਡਿਆਲਾ ਵਿੱਚ ਕਿਸਾਨਾਂ ਕੋਲ ਪੁੱਜ ਗਏ। ਉਨ੍ਹਾਂ ਨਾਲ ਯਾਤਰੂ ਰੇਲ ਗੱਡੀ ਨੂੰ ਰਸਤਾ ਦੇਣ ਲਈ ਗੱਲਬਾਤ ਕੀਤੀ ਪਰ ਇਹ ਗੱਲਬਾਤ ਬੇਸਿੱਟਾ ਰਹੀ।