ਪੱਤਰ ਪ੍ਰੇਰਕ
ਮੁਕੇਰੀਆਂ/ਤਲਵਾੜਾ, 12 ਜੂਨ
ਕੰਢੀ ਏਰੀਆ ਰੇਲਵੇ ਸੰਘਰਸ਼ ਕਮੇਟੀ ਨੇ ਕਿਸਾਨਾਂ ਦੀ ਨੰਗਲ-ਮੁਕੇਰੀਆਂ ਰੇਲਵੇ ਲਾਈਨ ਲਈ ਨਿਗੂਣੀਆਂ ਕੀਮਤਾਂ ਉੱਤੇ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਇਸ ਦੇ ਨਾਲ ਹੀ 22 ਜੂਨ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਕ ਤਲਵਾੜਾ ਵਿੱਚ ਚੱਕਾ ਜਾਮ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਸਬੰਧੀ ਭਲਕ ਤੋਂ ਪਿੰਡ-ਪਿੰਡ ਲਾਮਬੰਦੀ ਮੀਟਿੰਗਾਂ ਆਰੰਭੀਆਂ ਜਾਣਗੀਆਂ। ਇਹ ਫੈ਼ਸਲਾ ਪਿੰਡ ਬਟਵਾੜਾ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਦੀ ਅਗਵਾਈ ਹੇਠ ਹੋਈ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੌਕੇ ਧਰਮਿੰਦਰ ਸਿੰਘ ਸਿੰਬਲੀ, ਸੁਸ਼ੀਲ ਕੌਸ਼ਲ, ਬਲਦੇਵ ਸਿੰਘ, ਸੰਜੀਵ ਕੁਮਾਰ ਬੱਲੂ, ਜਰਨੈਲ ਸਿੰਘ ਅਤੇ ਕਸਤੂਰੀ ਲਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਰੇਲਵੇ ਲਾਈਨ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਲਈ ਮਾਲਕਾਂ ਨੂੰ ਸਿਰਫ਼ 2200 ਤੋਂ 2500 ਰੁਪਏ ਪ੍ਰਤੀ ਮਰਲਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੀ ਇਸ ਜ਼ਮੀਨ ਦਾ ਮੁੱਲ 15 ਤੋਂ 30 ਲੱਖ ਰੁਪਏ ਪ੍ਰਤੀ ਏਕੜ ਨਾਲੋਂ ਵੀ ਵੱਧ ਹੈ, ਜਦਕਿ ਇਸ ਵੇਲੇ ਕਿਸਾਨਾਂ ਨੂੰ ਸਿਰਫ਼ ਚਾਰ ਲੱਖ ਰੁਪਏ ਪ੍ਰਤੀ ਏਕੜ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਸਥਾਨਕ ਲੋਕਾਂ ਨੂੰ ਗੁਮਰਾਹ ਕਰਕੇ ਨਿਗੂਣੀਆਂ ਕੀਮਤਾਂ ’ਤੇ ਉਨ੍ਹਾਂ ਦੀਆਂ ਜ਼ਮੀਨਾਂ ਖਰੀਦ ਰਹੀ ਹੈ। ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਤਜਵੀਜ਼ਤ ਨੰਗਲ ਡੈਮ-ਤਲਵਾੜਾ ਬਰਾਸਤਾ ਊਨਾ ਰੇਲ ਪ੍ਰਾਜੈਕਟ ਲਈ ਪੰਜਾਬ ਵਿੱਚਲੇ ਸਰਹੱਦੀ ਪਿੰਡਾਂ ਭਟੋਲੀ, ਭਵਨੌਰ, ਰਾਮਗੜ੍ਹ ਸੀਕਰੀ, ਕਰਟੋਲੀ, ਨੰਗਲ ਖਨੌੜਾ, ਬਟਵਾੜਾ, ਭੋਲ ਆਦਿ ਵਿੱਚ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦਾ ਢੁਕਵਾਂ ਮੁੱਲ ਮਿਲਣ ਤੱਕ ਵਿਰੋਧ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਉਹ ਮੰਗ ਪੂਰੀ ਹੋਣ ਤੱਕ ਜ਼ਮੀਨ ਐਕੁਆਇਰ ਕਰਨ ਲਈ ਆਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਪਿੰਡਾਂ ਵਿੱਚ ਵਿਰੋਧ ਕਰਨਗੇ। ਇਸ ਮੌਕੇ ਸਤਪਾਲ ਸਿੰਘ ਖਮਤਾ ਪੱਤੀ, ਕਰਨੈਲ ਸਿੰਘ ਨੰਗਲ ਖਨੌੜਾ, ਸ਼ਮਿੰਦਰ ਸਿੰਘ ਭਵਨੌਰ ਆਦਿ ਨੇ ਵੀ ਸੰਬੋਧਨ ਕੀਤਾ।