ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਅਗਸਤ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਆਪਣੀ ਹੀ ਲੜਾਈ ਵਿਚ ਉਲਝੀ ਹੋਈ ਹੈ। ਇਸ ਤਹਿਤ ਅੱਜ ਦੂਜੀ ਵਾਰ ਰਾਏਕੋਟ ਦੇ ਕਾਂਗਰਸੀ ਵਰਕਰ ਜ਼ਿਲ੍ਹਾ ਇੰਚਾਰਜ ਪ੍ਰਭਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠਾਂ ਆਪਣੀ ਪਾਰਟੀ ਦੇ ਰਾਜ ਸਭਾ ਸੰਸਦ ਸਮਸ਼ੇਰ ਸਿੰਘ ਦੂਲੋ ਦੇ ਘਰ ਦਾ ਘਿਰਾਓ ਕਰਨ ਪੁੱਜੇ। ਇਸ ਮੌਕੇ ਸ੍ਰੀ ਦੂਲੋ ਆਪਣੇ ਘਰ ਨਹੀਂ ਸਨ ਅਤੇ ਡੀਐੱਸਪੀ ਰਾਜਨਪਰਮਿੰਦਰ ਸਿੰਘ ਨੇ ਪੁਲੀਸ ਪਾਰਟੀ ਨਾਲ ਬੈਰੀਗੇਟ ਲਗਾ ਕੇ ਕਾਂਗਰਸੀਆਂ ਨੂੰ ਉਨ੍ਹਾਂ ਦੇ ਘਰ ਨੇੜੇ ਜਾਣ ਤੋਂ ਰੋਕਿਆ। ਇਸ ਮੌਕੇ ਉਨ੍ਹਾਂ ਦੇ ਹੱਥਾਂ ਵਿਚ ‘ਦੂਲੋ ਸਾਹਿਬ ਅਖ਼ਬਾਰਾਂ ਵਿਚ ਬਿਆਨਬਾਜ਼ੀ ਬੰਦ ਕਰੋ’, ‘ਪਾਰਟੀ ਪਲੇਟਫਾਰਮ ਤੇ ਗੱਲ ਕਰੋ’ ਆਦਿ ਤਖ਼ਤੀਆਂ ਫੜੀਆਂ ਹੋਈਆਂ ਸਨ। ਕਾਂਗਰਸੀ ਵਰਕਰਾਂ ਨੇ ਦੂਲੋਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਾਰਟੀ ਖਿਲਾਫ਼ ਗ਼ੈਰ-ਜ਼ਰੂਰੀ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਦੀ ਨਸੀਹਤ ਦਿੱਤੀ। ਇਸ ਮੌਕੇ ਕੁਝ ਸਮਾਂ ਧਰਨਾ ਦੇਣ ਉਪਰੰਤ ਵਰਕਰ ਵਾਪਸ ਮੁੜ ਗਏ। ਇਸ ਮੌਕੇ ਗੁਰਪ੍ਰੀਤ ਸਿੰਘ, ਨਵਰਾਜ ਸਿੰਘ, ਸੰਦੀਪ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਕ੍ਰਿਪਾਲ ਸਿੰਘ, ਮਨਜੀਤ ਸਿੰਘ, ਕੇਵਲ ਸਿੰਘ, ਗੁਰਜੀਤ ਸਿੰਘ, ਗੁਰਬਖ਼ਸ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।