ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 20 ਦਸੰਬਰ
ਆਮਦਨ ਕਰ ਵਿਭਾਗ ਦੀਆਂ ਦਰਜਨ ਦੇ ਕਰੀਬ ਟੀਮਾਂ ਨੇ ਸੀਆਰਪੀਐੱਫ ਦੀ ਵੱਡੀ ਟੁਕੜੀ ਸਮੇਤ ਫੈੱਡਰੇਸ਼ਨ ਆਫ ਆੜ੍ਹਤੀਆ ਦੇ ਸੂਬਾ ਪ੍ਰਧਾਨ ਤੇ ਪੰਜਾਬ ਮੰਡੀਕਰਨ ਬੋਰਡ ਦੇ ਉਪ ਚੇਅਰਮੈਨ ਵਿਜੇ ਕਾਲੜਾ ਦੇ ਘਰ, ਪੈਟਰੋਲ ਪੰਪ ਅਤੇ ਦਾਣਾ ਮੰਡੀ ਸਥਿਤ ਆੜ੍ਹਤ ਦੀ ਦੁਕਾਨ ’ਤੇ ਅੱਧੀ ਰਾਤ ਨੂੰ ਛਾਪੇ ਮਾਰੇ। ਲਗਾਤਾਰ 18 ਘੰਟੇ ਦੀ ਪੜਤਾਲ ਦੌਰਾਨ ਕਿਸੇ ਨੂੰ ਵੀ ਘਰੋਂ ਅੰਦਰ-ਬਾਹਰ ਨਹੀਂ ਆਉਣ-ਜਾਣ ਦਿੱਤਾ ਗਿਆ। ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਉਨ੍ਹਾਂ ਨੂੰ 12 ਦਸੰਬਰ ਨੂੰ ਸੰਮਨ ਕੀਤਾ ਗਿਆ ਸੀ, ਜਦਕਿ ਰਿਕਾਰਡ ਪੇਸ਼ ਕਰਨ ਲਈ 16 ਦਸੰਬਰ ਦਾ ਦਿਨ ਰੱਖਿਆ ਗਿਆ। 19 ਦਸੰਬਰ ਨੂੰ ਦਫ਼ਤਰ ਹਾਜ਼ਰ ਹੋਣ ਦਾ ਕਹਿ ਕੇ ਵਿਭਾਗ ਨੇ 18-19 ਦੀ ਅੱਧੀ ਰਾਤ ਤੋਂ ਹੀ ਉਨ੍ਹਾਂ ਨੂੰ ਪਰਿਵਾਰ ਸਮੇਤ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪੈਟਰੋਲ ਪੰਪ ਲਈ ਉਹ ਹਰ ਤਿਮਾਹੀ ਲੱਖ ਰੁਪਏ ਦੇ ਕਰੀਬ ਆਮਦਨ ਕਰ ਭਰਦੇ ਹਨ, ਦਾਣਾ ਮੰਡੀ ਦੀ ਆੜ੍ਹਤ ਦਾ ਕੰਮ ਵੀ ਪਾਰਦਰਸ਼ੀ ਹੈ। ਉਨ੍ਹਾਂ ਆਖਿਆ ਕਿ ਉਹ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਰੋਜ਼ਾਨਾ ਦੋ ਜ਼ਿਲ੍ਹਿਆਂ ਦੇ ਆੜ੍ਹਤੀ ਦਿੱਲੀ ਕਿਸਾਨ ਸੰਘਰਸ਼ ਵਿੱਚ ਹਾਜ਼ਰੀ ਭਰਦੇ ਹਨ। ਉਹ ਖ਼ੁਦ ਕਿਸਾਨਾਂ ਦੀ ਸਟੇਜ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਬੋਲ ਰਹੇ ਹਨ, ਜਿਸ ਕਾਰਨ ਇਹ ਛਾਪਾ ਮਾਰਿਆ ਗਿਆ ਹੈ। ਲਗਾਤਾਰ ਪੁੱਛ-ਪੜਤਾਲ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਤਾਂ ਹੋਈ ਪਰ ਆਮਦਨ ਕਰ ਵਿਭਾਗ ਨੂੰ ਉਨ੍ਹਾਂ ਖ਼ਿਲਾਫ਼ ਕਥਿਤ ਤੌਰ ’ਤੇ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।
ਕਿਸਾਨ ਜਥੇਬੰਦੀਆਂ ਨੂੰ ਨੋਟਿਸ ਭੇਜਣ ਦੀ ‘ਆਪ’ ਵੱਲੋਂ ਨਿਖੇਧੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਰੈਸਟ ਹਾਊਸ ’ਚ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਆੜ੍ਹਤੀਆਂ ਅਤੇ ਵਪਾਰੀਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਅਚਾਨਕ ਛਾਪੇ ਮਾਰਨ ਅਤੇ ਕਿਸਾਨਾਂ ਨੂੰ ਐਫਸੀਆਰ ਤਹਿਤ ਭੇਜੇ ਜਾ ਰਹੇ ਨੋਟਿਸਾਂ ਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਕਾਰਵਾਈ ਕਰਾਰ ਦਿੰਦਿਆਂ ਕੇਂਦਰ ਦੀ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਹੈ।