ਇਕਬਾਲ ਸਿੰਘ ਸ਼ਾਂਤ
ਲੰਬੀ, 7 ਫਰਵਰੀ
‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅੱਜ ਲੰਬੀ ਹਲਕੇ ਵਿੱਚ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਲੰਬੀ ਪਿੰਡ ਵਿਚ ਸੜਕ ’ਤੇ ਕਾਰ ਉਪਰੋਂ ਹੀ ਵਰਕਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਵੱਲੋਂ ਅਰਵਿੰਦ ਕੇਜਰੀਵਾਲ ’ਤੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਦਿੱਲੀ ਲਿਜਾਣ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਬਾਰੇ ਆਖਿਆ ਕਿ ਰਾਜੇਵਾਲ ਪਹਿਲਾਂ ਖੁਦ ਕੇਜਰੀਵਾਲ ਨਾਲ ਮੁਲਾਕਾਤਾਂ ਕਰਦੇ ਰਹੇ, ਗੱਲ ਨਾ ਬਣਨ ’ਤੇ ਟਿਕਟਾਂ ਵੇਚਣ ਤੇ ਹੋਰ ਬੇਤੁਕੇ ਦੋਸ਼ ਲਾਉਣ ਲੱਗ ਪਏ ਹਨ। ਉਨ੍ਹਾਂ ਸਰਕਾਰ ਬਣਨ ’ਤੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਭਗਵੰਤ ਮਾਨ ਅਤੇ ਗੁਰਮੀਤ ਖੁੱਡੀਆਂ ਨੇ ਕਾਰ ਦੀ ਛੱਤ ’ਤੇ ਸਵਾਰ ਹੋ ਕੇ ਲੰਬੀ ’ਚ ਰੋਡ ਸ਼ੋਅ ਵੀ ਕੀਤਾ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ‘ਆਪ’ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਖੂਬ ਰਗੜੇ ਲਾਏ। ਸ੍ਰੀ ਮਾਨ ਨੇ ਆਖਿਆ ਕਿ ਉਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਰਵਾਇਤੀ ਸਿਆਸਤਦਾਨਾਂ ਨੂੰ ਹੈਲੀਕਾਪਟਰਾਂ ਤੋਂ ਲਾਹ ਕੇ ਪੈਰ ਧਰਤੀ ’ਤੇ ਲਾਉਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਤਨਜ਼ ਕਸਦਿਆਂ ਕਿਹਾ ਕਿ ਸਰਕਾਰੀ ਨੌਕਰੀ ਵਿੱਚ ਉਮਰ ਹੱਦ ਲੰਘਣ ’ਤੇ ਉਮਰਦਰਾਜ ਹੋ ਜਾਂਦੇ ਹਨ, ਪਰ ਲੰਬੀ ਵਿੱਚ 94 ਸਾਲਾ ਬਾਬੇ ਨੇ ਫਿਰ ਕਾਗਜ਼ ਭਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 170 ਕਰੋੜ ਦੀ ਜਾਇਦਾਦ ਵਾਲੇ ਗਰੀਬ ਵਿਅਕਤੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।
ਇਸ ਮੌਕੇ ਆਪ ਵਰਕਰਾਂ ਦਾ ਵੱਡਾ ਜਮਾਵੜਾ ਵੇਖਣ ਨੂੰ ਮਿਲਿਆ। ਇਸ ਮੌਕੇ ਚੋਣ ਕਮਿਸ਼ਨ ਦੇ ਕੋਵਿਡ ਨਿਯਮਾਂ ਦੀ ਧੱਜੀਆਂ ਖੁੱਲ੍ਹੇਆਮ ਉੱਡਦੀਆਂ ਵੇਖੀਆਂ ਗਈਆਂ। ਲੰਬੀ ਵਿਚ ਤਿੰਨ ਕੋਨੀ ’ਤੇ ਭਰਵੇਂ ਇਕੱਠ ਕਾਰਨ ਗਿੱਦੜਬਾਹਾ ਸੜਕ ਕਰੀਬ ਡੇਢ ਘੰਟਾ ਤੱਕ ਬੰਦ ਰਹੀ।
ਨੌਕਰੀਆਂ ’ਚ ਵਿਦਿਆਰਥੀਆਂ ਲਈ ਰਾਖਵੇਂਕਰਨ ਨੂੰ ਝੂਠਾ ਦੱਸਿਆ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਅਤੇ ਸਕੂਲਾਂ ਦੀ ਕਾਇਆ ਕਲਪ ਕਰਨ ਦੇ ਐਲਾਨਾਂ ਨੂੰ ਝੂਠਾ ਤੇ ਲੋਕ ਭਰਮਾਊ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ 10-10 ਲੱਖ ਰੁਪਏ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਵਾਅਦਾ ਕਰ ਰਹੇ ਹਨ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਲੌਲੀਪੌਪ ਦੇ ਰਹੇ ਹਨ। ਪਿਛਲੀ ਸਰਕਾਰ ਵੇਲੇ ਬਾਦਲਾਂ ਨੇ ਪੇਂਡੂ ਸਕੂਲਾਂ ਤੋਂ ਪੜ੍ਹੇ ਨੌਜਵਾਨਾਂ ਨੂੰ ਨੌਕਰੀ ਭਰਤੀ ਵਿੱਚ 5 ਨੰਬਰ ਵਾਧੂ ਦੇਣ ਦਾ ਫ਼ੈਸਲਾ ਵੀ ਕੀਤਾ ਸੀ ਪਰ ਇਹ ਫ਼ੈਸਲਾ ਅੱਜ ਤੱਕ ਲਾਗੂ ਨਹੀਂ ਹੋ ਸਕਿਆ। ਹੁਣ ਕੀ ਗਾਰੰਟੀ ਹੈ ਕਿ ਸੁਖਬੀਰ ਬਾਦਲ ਦਾ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਲਾਗੂ ਹੋਵੇਗਾ। ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਸੂਬੇ ਦੇ ਪੇਂਡੂ ਅਤੇ ਗ਼ਰੀਬ ਵਰਗ ਦੇ ਲੋਕਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ, ਪਰ ਜਦੋਂ ਇਨ੍ਹਾਂ ਵਰਗਾਂ ਦੇ ਹੱਕਾਂ ਦੀ ਗੱਲ ਆਉਂਦੀ ਸੀ ਤਾਂ ਬਾਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਅੱਖਾਂ ਬੰਦ ਕਰਕੇ ਬੈਠ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ (ਈਡਬਲਿਊਐਸ) ਦੇ 25 ਫ਼ੀਸਦੀ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਦੇਣ ਦਾ ਫ਼ੈਸਲਾ ਕੀਤਾ ਸੀ, ਸਰਕਾਰ ਦੇ ਇਸ ਫ਼ੈਸਲੇ ਨੂੰ ਨਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਵੇਲੇ ਲਾਗੂ ਕਰਵਾਇਆ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਹੁਣ ਲਾਗੂ ਕੀਤਾ।
ਰਵਾਇਤੀ ਪਾਰਟੀਆਂ ਸੂਬੇ ਦੀ ਥਾਂ ਆਪਣਾ ਵਿਕਾਸ ਕਰਦੀਆਂ ਰਹੀਆਂ
ਦੋਦਾ (ਜਸਵੀਰ ਸਿੰਘ ਭੁੱਲਰ): ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਦੋਦਾ ਪੁੱਜੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੀ ਸਰਕਾਰ ਮਹਿਲਾਂ ਵਿਚੋਂ ਨਹੀਂ ਬਲਕਿ ਆਮ ਲੋਕਾਂ ਦੇ ਘਰਾਂ ਵਿਚੋਂ ਬਣੇਗੀ। ਉਨ੍ਹਾਂ ਪ੍ਰਿਤਪਾਲ ਸ਼ਰਮਾ ਦੇ ਹੱਕ ਵਿਚ ਪ੍ਰਚਾਰ ਕਰਦਿਆਂ 20 ਫਰਵਰੀ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਉਨ੍ਹਾਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਕੋਸਦਿਆਂ ਕਿਹਾ ਕਿ ਪਹਿਲੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਵੱਲੋਂ ਸੂਬੇ ਦੇ ਵਿਕਾਸ ਵੱਲ ਧਿਆਨ ਘੱਟ ਅਤੇ ਆਪਣੇ ਵਿਕਾਸ ਵੱਲ ਵੱਧ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਅੰਦਰ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ।