ਮਹਿੰਦਰ ਸਿੰਘ ਰੱਤੀਆਂ
ਬੱਧਨੀ ਕਲਾਂ (ਮੋਗਾ), 4 ਅਕਤੂਬਰ
ਖੇਤੀਬਾੜੀ ਵਿਭਾਗ ਵੱਲੋਂ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਲਈ ਪੰਜ ਸੀਟਾਂ ਵਾਲੇ ਲਾਲ ਅਤੇ ਪੀਲੇ ਰੰਗ ਦੇ ਹਿੰਦੁਸਤਾਨ ਕੰਪਨੀ ਦੇ ਵਿਸ਼ੇਸ਼ ਟਰੈਕਟਰ ਤਿਆਰ ਕਰਵਾਏ ਗਏ ਸਨ। ਪੀਲੇ ਰੰਗ ਦਾ ਹਿੰਦੁਸਤਾਨ ਕੰਪਨੀ ਦਾ ਟਰੈਕਟਰ ਰਾਹੁਲ ਗਾਂਧੀ ਦੀ ਪਹਿਲੀ ਪਸੰਦ ਬਣਿਆ। ਉਨ੍ਹਾਂ ਨੇ ਦੋਵਾਂ ਟਰੈਕਟਰਾਂ ਵੱਲ ਝਾਤ ਮਾਰ ਕੇ ਪੀਲੇ ਰੰਗ ਦੇ ਟਰੈਕਟਰ ਨੂੰ ਰੈਲੀ ਲਈ ਚੁਣਿਆ। ਪੰਜ ਸੀਟਾਂ ਵਾਲੇ ਰਾਹੁਲ ਗਾਂਧੀ ਦੇ ਟਰੈਕਟਰ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਰੱਖਿਆ ਜਵਾਨ ਸਵਾਰ ਹੋਏ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਟਰੈਕਟਰ ਦੀ ਡਰਾਈਵਰੀ ਕੀਤੀ। ਲਾਲ ਰੰਗ ਦੇ ਪੰਜ ਸੀਟਾਂ ਵਾਲੇ ਮਹਿੰਦਰਾ ਟਰੈਕਟਰ ’ਤੇ ਨਵਜੋਤ ਸਿੰਘ ਸਿੱਧੂ ਸਵਾਰ ਹੋਏ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਡਰਾਈਵਰੀ ਕੀਤੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨੂੰ ਹਿੰਦੁਸਤਾਨ ਕੰਪਨੀ ਦਾ ਟਰੈਕਟਰ ਤਿਆਰ ਕਰਵਾਉਣ ਲਈ ਆਖਿਆ ਸੀ। ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਟਰੈਕਟਰ ਉਨ੍ਹਾਂ ਦੇ ਨਿੱਜੀ ਹਨ। ਕੇਂਦਰੀ ਸੁਰੱਖਿਆ ਏਜੰਸੀਆਂ ਨੇ ਇਹ ਟਰੈਕਟਰ ਚਲਾਉਣ ਲਈ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਪਿੰਡ ਚੀਦਾ ਅਤੇ ਕਿਸਾਨ ਪੰਡਤ ਸੋਮ ਨਾਥ ਰੋਡੇ ਵਾਲਿਆਂ ਦੇ ਲੜਕੇ ਨੂੰ ਸਹਿਮਤੀ ਦਿੱਤੀ ਸੀ। ਟਰੈਕਟਰ ਰੈਲੀ ਦੀ ਸ਼ੁਰੂਆਤ ਵੇਲੇ ਸਿਆਸੀ ਆਗੂਆਂ ਸੁਨੀਲ ਜਾਖੜ ਅਤੇ ਹਰੀਸ਼ ਰਾਵਤ ਨੇ ਕੁਝ ਦੂਰੀ ਤਕ ਟਰੈਕਟਰ ਚਲਾਏ ਤੇ ਮਗਰੋਂ ਸੁਰੱਖਿਆ ਏਜੰਸੀਆਂ ਨੇ ਟਰੈਕਟਰ ਚਾਲਕਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ।